मंगलवार, 2 अप्रैल 2013

  ਸਮੀਖਿਆ ....- ''ਕੁੜੀਆਂ ਨੂੰ ਸਵਾਲ ਨਾ ਕਰੋ '' ( ਕਾਵਿ ਸੰਗ੍ਰਹਿ)


ਦਿਲ ਟੁੱਟਿਆ ਆਵਾਜ਼ ਐਨੀ ਆਈ ਮਿੱਤਰਾ
ਜੀਹਦੇ ਸ਼ੋਰ ਨਾਲ ਰੁੱਸ ਗਈ ਖ਼ੁਦਾਈ ਮਿਤਰਾ (ਦਿਲ ਟੁੱਟਿਆ )
ਦਰਸ਼ਨ ਦਰਵੇਸ਼

ਇਕ ਅਰਸਾ ਹੋਇਆ ਬਹੁਤ ਪਹਿਲਾਂ ਕੀਤੇ ਮੈਂ ਸ਼ਬਦਾਂ ਨਾਲ ਖੇਡਦੀ - ਖੇਡਦੀ 'ਆਰਸੀ' (ਤਨਦੀਪ ਤਮੰਨਾ ਦੀ ਵੈੱਬ ਪਤ੍ਰ‍ਿਕਾ ) ਦੇ ਬੂਹੇ ਮੂਹਰੇ ਜਾ ਖੜ੍ਹੀ ਹੋਈ ਸੀ ...ਉੱਥੇ ਹੀ ਇੱਕ ਗਹਿਰੀਆਂ ਅਤੇ ਡੂੰਘੀਆਂ ਅੱਖਾਂ ਵਾਲੇ ਇਨਸਾਨ ਨਾਲ ਮੁਲਾਕਾਤ ਹੋ ਗਈ ...ਲੱਗਾ ਕੋਈ ਆਪਣੇ ਜਿਹਾ ਹੈ ....ਦਰਦ ਨੂੰ ਦਰਦ ਪਛਾਣ ਲੈਂਦਾ ਹੈ ਸ਼ਾਇਦ ...ਮੈਂ ਉਸਦੀਆਂ ਅੱਖਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ ਹਉਕਿਆਂ ਦੀ ਵਿਆਖਿਆ ਕਰਦੇ ਕਈ ਸਾਰੇ ਸ਼ਬਦ ਨਜ਼ਮਾਂ ਦੇ ਰੂਪ 'ਚ ਜ਼ਖਮ ਫਲੋਰ ਰਹੇ ਸੀ ..ਮੈਂ ਪੜ੍ਹਦੀ ਗਈ ...ਇਕ ਚੀਸ ਜਿਹੀ ਉੱਠਦੀ ਰਹੀ ...ਜਿਵੇਂ ਕਿਸੇ ਨੇ ਅੱਗ ਦੇ ਤਾਪ 'ਚ ਸ਼ਬਦਾਂ ਨੂੰ ਬੰਨ੍ਹ ਦਿੱਤਾ ਹੋਵੇ ...ਜਿਵੇਂ ਕਿਸੇ ਖਾਮੋਸ਼ ਦਰਿਆ ਦੀ ਕੋਈ ਬਲਦੀ ਕਹਾਣੀ ਹੋਵੇ ....ਜਿਵੇਂ ਮਨਾਂ ਦੇ ਤੀਲੇ-ਤੀਲੇ ਹੋਏ ਆਲਣੇ ਕਿਸੇ ਨੇ ਸਮੇਟ ਕੇ ਰੱਖ ਦਿੱਤੇ ਹੋਣ ...ਮੈਂ ਕਿਤਨੀ ਹੀ ਦੇਰ ਉਹਨਾ ਸ਼ਬਦਾਂ ਨੂੰ ਖਾਮੋਸ਼ ਤੱਕਦੀ ਰਹੀ ......ਤੇ ਅੱਜ ਉਹੀ ਸ਼ਬਦ ਕਾਵਿ -ਸੰਗ੍ਰਹਿ '' ਕੁੜੀਆਂ ਨੂੰ ਸਵਾਲ ਨਾ ਕਰੋ ''ਦੇ ਰੂਪ ਵਿਚ ਮੇਰੇ ਸਾਹਮਣੇ ਨੇ ....

ਕਿਤਾਬ ਨੂੰ ਇੱਕ ਵੇਰਾਂ ਪੜ੍ਹ ਚੁੱਕੀ ਹਾਂ ...ਜਿਵੇਂ ਹਵਾ 'ਚ ਤੈਰਦੇ ਬੱਦਲ ਹੌਲੀ ਜਿਹੀ ਸਰੀਰ ਨੂੰ ਛੂਹ ਲੈਣ ਤੇ ਉਸਨੂੰ ਭਿਉਂ ਕੇ ਏਦਾਂ ਚਲੇ ਜਾਣ ਕਿ ਤੁਹਾਨੂੰ ਪਤਾ ਵੀ ਨਾ ਚੱਲੇ ਕਿ ਕਦੋਂ ਕੋਈ ਭਟਕਿਆ ਹੋਇਆ ਕਾਰਵਾਂ ਗੁਜ਼ਰ ਗਿਆ. ਪੜ੍ਹਦੇ -ਪੜ੍ਹਦੇ ਨਜ਼ਮਾਂ ਦਿਲ ਨੂੰ ਸੱਟ ਮਾਰਦੀਆਂ ਸਿੱਧੇ ਸੀਨੇ ਅੰਦਰ ਉਤਰਦੀਆਂ ਨੇ ......

ਮਿੱਟੀ ਦਿਆਂ ਭਾਂਡਿਆਂ ਨੂੰ ਸੱਟ ਜਦੋਂ ਲੱਗਦੀ।
ਬੁਝ ਜਾਂਦੀ ਧੂਣੀ ਉਦੋਂ ਦਿਲ ਵਾਲੀ ਅੱਗ ਦੀ।
ਯਾਰਾਂ ਵਲੋਂ ਪੌਣਾ ਜਦੋਂ ਆਉਂਦੀਆਂ ਨਿਰਾਸੀਆਂ
ਐਵੇਂ ਤਾਂ ਨੀ ਦਿਲਾਂ ਉੱਤੇ ਛਾਉਂਦੀਆਂ ਉਦਾਸੀਆਂ (ਉਦਾਸੀਆਂ )

ਕਾਵਿ ਸੰਗ੍ਰਹਿ ਬਾਰੇ ਆਪਣੇ ਵਿਚਾਰ ਰੱਖਦਿਆਂ ਹਇਆਂ ਤਨਦੀਪ ਤਮੰਨਾ ਜੀ ਲਿਖਦੀ ਹੈ , '' ਕਦੇ ਦਰਵੇਸ਼ ਮਿਲੇ ਤਾਂ ਉਸਨੂੰ ਪੁੱਛ ਕੇ ਵੇਖਿਓ : ਬਹਾਰ ਕਿਹੋ ਜਿਹੀ ਸੀ ? ਉਸਦੀਆਂ ਦੋਆਂ ਅੱਖਾਂ 'ਚ ਜੁਗਨੂੰ ਚਮਕਣਗੇ ...ਉਹ ਆਖੇਗਾ ...ਫੁੱਲ ਜਰੂਰ ਖਿੜੇ ਹੋਣਗੇ ...ਰੁੱਖਾਂ ਨੇ ਹਰੇ ਕਚੂਰ ਲਿਬਾਸ ਵੀ ਪਹਿਨੇ ਹੋਣਗੇ ...ਬੱਸ ਪਰ 'ਉਹ' ਮੇਰੇ ਨਾਲ ਸੀ ...ਮੇਰੇ ਹਰ ਸਾਹ ਵਿਚ ਸੀ ...ਮੈਂ ਬਹਾਰ ਦੀ ਆਮਦ ਤੋਂ ਬੇਖਬਰ ਸਾਂ. ਜਾਂ ਕਿਤੇ ਸਵਾਲ ਕਰ ਲੈਣਾ : ਬਰਸਾਤ ਕਿੰਝ ਬੀਤੀ ? 'ਉਹ' ਵਿੱਛੜ ਚੁੱਕੀ ਸੀ ..ਮੈਂ ਕਦੇ ਬਰਸਾਤ ਦੇ ਛੜਾਕੇ ਵਿਚ ਭਿੱਜਿਆ ਹੀ ਨਹੀਂ ...ਇਕ ਉਦਾਸ ਹਉਕੇ ਅਤੇ ਭਿੱਜੀਆਂ ਅੱਖਾਂ ਨਾਲ ਉਸਦਾ ਜਵਾਬ ਤੁਹਾਡੀ ਰੂਹ ਨੂੰ ਕੰਬਣੀ ਛੇੜ ਦਿੰਦਾ ਹੈ '' -

ਬਿਨਾਂ ਰੋਇਆਂ ਅੱਖਾਂ ਵਿਚ ਅੱਥਰੂ ਆ ਜਾਂਦੇ ਸੀ।
ਹੱਸੇ ਬਿਨਾ ਬੁੱਲ੍ਹਾਂ ਉੱਤੇ ਹਾਸੇ ਵੀ ਛਾ ਜਾਂਦੇ ਸੀ।
ਰੋਂਦੇ -ਰੋਂਦੇ ਨਾ ਹੀ ਕਦੇ ਹੋਇਆ ਇਨਕਾਰ,
ਨਾ ਹੀ ਹੱਸਦਿਆਂ ਕਦੇ ਇਕਰਾਰ ਹੁੰਦਾ ਸੀ।
ਐਹੋ ਜਿਹਾ ਸਾਡਾ ਪਿਆਰ ਹੁੰਦਾ ਸੀ (ਸਾਡਾ ਪਿਆਰ )

ਤਨਦੀਪ ਤਮੰਨਾ ਅੱਗੇ ਆਖਦੀ ਹੈ , ''ਦਰਸ਼ਨ ਦਰਵੇਸ਼ ਦੀਆਂ ਨਜ਼ਮਾਂ ਨੂੰ ਪੋਲੇ ਹੱਥੀ ਛੁਹਣਾ ਪੈਂਦਾ ਹੈ ...ਤੁਹਾਡੇ ਹੱਥਾਂ ਦੇ ਰੱਟਣ ਉਸਦੇ ਜਖ਼ਮ ਉਚੇੜ ਸਕਦੇ ਨੇ ....ਉਸ ਦੀ ਸਮੁੱਚੀ ਸ਼ਾਇਰੀ ਦੇ ਅਧਿਐਨ ਤੋਂ ਬਾਅਦ ਇੰਝ ਜਾਪਦਾ ਹੈ ...ਜਿਵੇਂ ਪੌਣ ਆਪਣੇ ਦੁਪੱਟੇ 'ਚ ਕੋਈ ਅਗਨ ਛੁਪਾਕੇ ਲਿਆਈ ਹੋਵੇ ਤੇ ਸਭ ਤੋਂ ਚੋਰੀ ...ਕਿਸੇ ਸੁੰਨੀ ਪਈ ਦਰਗਾਹ 'ਤੇ ਬੁਝੇ ਪਏ ਦੀਵਿਆਂ ਨੂੰ ਰੋਸ਼ਨ ਕਰ ਗਈ ਹੋਵੇ .....''-

ਆ ਉਇ ਦਿਲਾ , ਆ ਬਹਿ ਉਇ ਦਿਲਾ।
ਦੋ ਘੜੀਆਂ ਅਸਾਂ ਦੇ ਕੋਲ ਰਹਿ ਉਇ ਦਿਲਾ।
ਕੋਈ ਦੁੱਖ -ਸੁੱਖ ਸੁਣੀਏ ਸੁਣਾਈਏ ਸੋਹਣਿਆ।
ਬਾਤ ਮੋਈਆਂ ਮੁਹੱਬਤਾਂ ਦੀ ਪਾਈਏ ਸੋਹਣਿਆ (ਮੋਈਆਂ ਮੁਹੱਬਤਾਂ )

ਮੋਹਨ ਸਪਰਾ ਆਖਦੇ ਨੇ ਦਰਸ਼ਨ ਦਰਵੇਸ਼ ਅਤੇ ਕਵਿਤਾ ਦਾ ਰਿਸ਼ਤਾ ਪਾਣੀ ਤੇ ਰੇਤ ਵਰਗਾ ਹੈ. ਵਗਦੇ ਵੀ ਜਾਣਾ ਅਤੇ ਧੁਰ ਅੰਦਰ ਤੱਕ ਜੀਰਦੇ ਵੀ ਜਾਣਾ. ਉੱਪਰੋਂ ਸੇਕ ਸਹਿਣਾ ਅਤੇ ਅੰਦਰੋਂ ਨਮੀਂ ਦੇ ਨੇੜੇ ਰਹਿਣਾ ''-

ਨਿੱਤਰੀ ਜਿਹੀ ਨਜ਼ਰ ਵਾਲੀਏ
ਤੈਨੂੰ ਮੇਰੀਆਂ ਨਿਸ਼ਾਨੀਆਂ ਦੀ ਸਹੁੰ
ਮੇਰੀਆਂ ਅਹਿਸਾਸਾਂ ਦੇ ਹਾਣ ਦੀ ਹੋ ਕੇ ਰਹੀਂ
ਕਿਤੇ ਤਲੀਆਂ 'ਚ ਲੈ ਕੇ ਤੇਰਾ ਚਿਹਰਾ ਪਲੋਸਦਾ
ਮੈਂ ਆਪਣੇ ਚਿਹਰੇ ਤੇ ਜਖ਼ਮ ਨਾ ਸਿਰਜ ਲਵਾਂ .....(ਮੈਂ ਤੈਨੂ ਕਹਿੰਦਾ ਹਾਂ )

ਔਰਤਾਂ ਉੱਤੇ ਕਵੀ ਨੂੰ ਬਹੁਤ ਮਾਣ ਹੈ. ਸ਼ਾਇਦ ਕਰਕੇ ਕਵੀ ਨੇ ਪੁਸਤਕ ਦਾ ਨਾਂਅ ''ਕੁੜੀਆਂ ਨੂੰ ਸਵਾਲ ਨਾ ਕਰੋ '' ਰੱਖਿਆ ...ਕਵੀ ਕਹਿੰਦਾ ਹੈ -

ਨਾ - ਨਾ
ਕੁੜੀਆਂ ਨੂੰ ਸਵਾਲ ਨਾ ਕਰੋ
ਕਿ ਸਵਾਲ ਕੀਤੀਆਂ
ਕੁੜੀਆਂ ਬਹੁਤ ਡਰ ਜਾਂਦੀਆਂ ਨੇ
ਕਿ ਕੁੜੀਆਂ
ਅੱਗ ਤੋਂ ਵੀ ਤ੍ਰਹਿੰਦੀਆਂ ਨੇ
- ਮੀਂਹ ਤੋਂ ਵੀ (ਕੁੜੀਆਂ ਨੂੰ ਸਵਾਲ ਨਾ ਕਰੋ )

ਕਾਫੀ ਲੰਮੇ ਵਕਫ਼ੇ ਦੇ ਬਾਅਦ ਦਰਸ਼ਨ ਦਰਵੇਸ਼ ਜੀ ਦੀ ਇਹ ਨਵੀਂ ਕਿਤਾਬ ਆਈ ਹੈ . ਕਈ ਸਾਲਾਂ ਤੋਂ ਆਪਣੇ ਫਿਲਮੀ ਜਗਤ ਦੇ ਰੁਝੇਵਿਆਂ ਕਰਕੇ ਕਵਿਤਾ ਅਤੇ ਉਹਨਾਂ ਵਿਚਕਾਰ ਵਿੱਥ ਆ ਗਈ ਸੀ.ਬਸ ਵਿੱਥ ਹੀ ਆਈ ਸੀ ਜੁੜਾਅ ਖਤਮ ਨਹੀਂ ਸੀ ਹੋਇਆ... ਟੁਕੜਿਆਂ ਵਿਚ ਜੁੜੇ ਹੋਣ ਦੀ ਪੇਸ਼ਕਾਰੀ ਦਾ ਅਭਿਆਸ ਉਹ ਕਰਦੇ ਰਹੇ ਸੀ . ਇਹਨਾਂ ਦੀ ਪਹਿਲੀ ਕਿਤਾਬ 'ਉਦਾਸ ਸਿਰਲੇਖ' (1989)ਸੀ ਜੋ ਮੈਨੂੰ ਪੜ੍ਹਨ ਦਾ ਅਜੇ ਮੋਕਾ ਨਹੀਂ ਲੱਗਾ. ਪਰ ਪਰਮਿੰਦਰਜੀਤ ਜੀ ਦਾ ਕਹਿਣਾ ਹੈ ਨਵੀਂ ਪੰਜਾਬੀ ਕਵਿਤਾ ਦੇ ਆਮਦ ਦਾ ਸੰਕੇਤ 'ਉਦਾਸ ਸਰਲੇਖ ' ਦੇ ਗਈ ਸੀ .

ਆਪਣੀਆਂ ਕਵਿਤਾਵਾਂ ਬਾਰੇ ਆਪਣੀ ਗੱਲ ਰਖਦੇ ਹੋਏ ਦਰਸ਼ਨ ਜੀ ਆਖਦੇ ਨੇ , '' ਮੇਰੇ ਇਹਨਾ ਕਾਵਿਕ ਅਹਿਸਾਸਾਂ ਵਿਚ ਮੈਂ ਬਹੁਤ ਸਾਰੇ ਰੂਪਾਂ ਵਿਚ ਜੀਵਿਆ ਹਾਂ ਇਸ ਲਈ ਇਹ ਕਿਸੇ ਵਿਸ਼ੇਸ਼ ਸਮੇਂ , ਘਟਨਾ , ਦੌਰ ਜਾਂ ਸੰਦਰਭ ਨਾਲ ਨਹੀਂ ਜੁੜੇ ਹੋਏ. ਇਹ ਜਿਉਂ ਜਿਉਂ ਮੇਰੇ ਕੋਲ ਬੈਠ ਕੇ ਜਿਹੋ ਜਿਹਾ ਵੀ ਵਾਰਤਾਲਾਪ ਅਤੇ ਅਦਾਕਾਰੀ ਕਰਦੇ ਰਹੇ , ਮੈਂ ਇਹਨਾ ਨੂੰ ਉਹੋ ਜਿਹੇ ਜਾਮੇ ਅੰਦਰ ਪੇਸ਼ ਕਰਦਾ ਰਿਹਾ ''

ਦਰਵੇਸ਼ ਜੀ ਦੀਆਂ ਨਜ਼ਮਾਂ ਦਿਲ 'ਚ ਬਹੁਤ ਹੀ ਗਹਿਰਾ ਉੱਤਰਦੀਆਂ ਨੇ .. ਉਹਨਾਂ ਦੀ ਇਹੋ ਖੂਬਸੂਰਤੀ ਉਹਨਾਂ ਨੂੰ ਆਮ ਤੋਂ ਖਾਸ ਬਣਾ ਦਿੰਦੀ ਹੈ ਜੋ ਕਿ ਪ੍ਰਸੰਸਾ ਦੀ ਭਰਪੂਰ ਹੱਕਦਾਰ ਹੈ. ਇਸ ਕਾਵਿ ਸੰਗ੍ਰਹਿ ਵਾਸਤੇ ਦਰਵੇਸ਼ ਜੀ ਨੂੰ ਮੇਰੀਆਂ ਸੁਭ ਇਛਾਵਾਂ ਨੇ , ਨਿਸਚੇ ਹੀ ਇਹ ਕਾਵਿ ਸੰਗ੍ਰਹਿ ਪੜ੍ਹਿਆ ਅਤੇ ਸਤਿਕਾਰਿਆ ਜਾਏਗਾ !

ਕਾਵਿ ਸੰਗ੍ਰਹਿ - ''ਕੁੜੀਆਂ ਨੂੰ ਸਵਾਲ ਨਾ ਕਰੋ ''
ਲੇਖਕ - ਦਰਸ਼ਨ ਦਰਵੇਸ਼
ਪ੍ਰਕਾਸ਼ਕ - ਤਸਵੀਰ ਪ੍ਰਕਾਸ਼ਨ , ਸਿਰਸਾ , ਹਰਿਆਣਾ
ਮੁੱਲ - 100/-
ਮੋਬ - 919779955887

ਸਮੀਖਿਆ - ਹਰਕੀਰਤ 'ਹੀਰ'
18 ਈਸਟ ਲੇਨ , ਸੁੰਦਰਪੁਰ
ਹਾਉਸ ਨੰਬਰ -5 , ਗੁਹਾਟੀ-5
ਮੋਬਾਈਲ -984171300

कोई टिप्पणी नहीं:

एक टिप्पणी भेजें