बुधवार, 27 फ़रवरी 2013

ਟਾਂਕੇ .....

ਤੇਰੀ ਬਹਿਸ ਦੇ ਸਵਾਲ
ਤੇ ਮੇਰੇ ਜਵਾਬਾਂ ਵਿਚਕਾਰ ਦਾ ਸਮਾਂ
ਬਹੁਤ ਔਖਾ ਹੁੰਦਾ ਹੈ ਮੇਰੇ ਵਾਸਤੇ
ਪਤਾ ਨਹੀਂ ਕਿੰਨੇ 'ਕ ਤੁਫਾਨ
ਝੇਲ ਜਾਂਦਾ ਹੈ ਮਨ
ਜਿਸਨੂੰ ਰੋਕਣ ਦੀ ਖਾਤਿਰ
ਮੈਨੂੰ ਕਈ -ਕਈ ਵਰਾਂ
ਲਾਣੇ ਪੈਂਦੇ ਨੇ
ਹੋਠਾਂ ਉੱਤੇ ਟਾਂਕੇ ...!!

ਹਰਕੀਰਤ 'ਹੀਰ'

मंगलवार, 26 फ़रवरी 2013

ਕੁਝ ਹਾਇਕੂ  .....

1.

ਨੱਪ ਲੈਂਦੀ ਹੈ 
ਤਨ ਤੇ ਮਨ ਮੇਰਾ 
ਉੱਠਦੀ ਪੀੜ 


2.
ਪੱਤੇ ਪੁੰਗਰੇ 
ਗਹਿਰੀਆਂ ਯਾਦਾਂ ਦੇ 
ਖਿੜਨ ਰੰਗ 


3.
ਯਾਦ ਆਉਂਦੇ
ਟੁੱਟੇ ਆ
ਪਣੇ ਖੰਭ 
ਵੇਖ ਪਰਿੰਦੇ 

गुरुवार, 21 फ़रवरी 2013

ਨਿਤਨੇਮ....

ਕਹਿੰਦੇ ਨੇ ਜਿੱਥੇ ਮੁਹੱਬਤ ਨਹੀਂ ਹੁੰਦੀ ਉੱਥੇ ਰੱਬ ਵੀ ਨਹੀਂ ਹੁੰਦਾ ......

ਜਦੋਂ ਕਦਮ ਤੇਰੇ ਵਲ ਉੱਠੇ
ਮੈਂ ਇਕ ਸੁਪਨਾ ਤਾਸੀਰ ਕੀਤਾ
ਸੋਚਾਂ ਦੇ ਤੰਦ ਨਾਲ
ਮਿੱਟੀ ਦੀ ਇਕ ਮੂਰਤ ਬਣਾਈ
ਉਸਨੂੰ ਖਵਾਬਾਂ ਦੀ ਮੌਲੀ ਬੰਨੀ
ਤੇ ਚਿਣ ਦਿੱਤੇ ਆਪਣੇ ਸਾਹ ਉਸ ਵਿਚ
ਬੰਦ ਅੱਖਾਂ ਨਾਲ
ਅੱਖਰ -ਅੱਖਰ ਤੇਰਾ ਨਾਂ ਲਿਖਿਆ
ਤੇ ਆਪਣੇ ਨਿਤਨੇਮ ਵਿਚ
ਉਸਨੂੰ ਸ਼ਾਮਿਲ ਕਰ ਲਿਆ 
ਮੈਂ ਰੋਜ਼ ਬਾਲਦੀ ਹਾਂ
ਉਸ ਅੱਗੇ
ਮੁਹੱਬਤ ਦਾ ਦੀਵਾ ...
ਹੁਣ ਮੈਂ ਰੱਬ ਦੇ
ਹੋਰ ਕਰੀਬ ਹੋ ਗਈ ਹਾਂ ....

बुधवार, 13 फ़रवरी 2013

14 ਫ਼ਰਵਰੀ
(ਵੇਲੇਨਟਾਇਨ ਡੇ ਤੇ ਲਿਖੀਆਂ ਤਿਨ ਨਜ਼ਮਾਂ )

(1)

ਮੁਹੱਬਤ ਦਾ ਦਿਨ....


ਤੂੰ ਕਿਹਾ, ਸੋਵੀਂ ਨਾ
ਅੱਜ ਦੀ ਰਾਤ ਤੂੰ ਲਿਖਣੀਆਂ ਹੈ ਨਜ਼ਮਾਂ
ਕਿਉਂਕੇ ਅੱਜ ਮੁਹੱਬਤ ਦਾ ਦਿਨ ਹੈ
ਲੈ ਅੱਜ ਦੀ ਰਾਤ ਮੈਂ
ਪੂਰੀ ਦੀ ਪੂਰੀ ਹੀਰ ਹੋਕੇ
ਤੇਰੇ ਕੋਲ ਆ ਗਈ ਹਾਂ
ਚੱਲ ਅੱਜ ਦੀ ਰਾਤ ਅਸਾਂ
ਨਜ਼ਮਾਂ ਦੇ ਸਮੁੰਦਰ 'ਚ
ਡੁੱਬ ਜਾਈਏ ....

(2)
ਤੇਹ ...

ਅਜੇ ਮੇਰੇ ਲਿਖੇ ਹਰਫਾਂ ਦੀ
ਕੋਈ ਨਜ਼ਮ ਬਣੀ ਵੀ ਨਾ ਸੀ
ਤੇ ਤੂੰ ਪੂਰੇ ਦਾ ਪੂਰਾ ਉੱਤਰ ਆਇਆ
ਸਫੇ ਉੱਤੇ .....
ਪਤਾ ਨਹੀਂ ਅੱਜ ਦੇ ਦਿਨ ਤੇਹ
 ਤੈਨੂੰ ਸੀ ,ਮੈਨੂੰ ਸੀ ਜਾਂ ਸਫੇ ਨੂੰ ....
ਭਰ ਕਿਨਾਰਿਆਂ ਤੇ ਵਗਦੀ ਨਦੀ
ਅਸ਼ਾੰਤ ਜੇਹੀ ਸੀ ...
ਮੈਂ ਲਹਿਰਾਂ ਨੂੰ ਘੁੱਟ ਕੇ ਚੁਮਿਆ
ਤੇ ਦਰਿਆ ਦੇ ਹਵਾਲੇ
ਕਰ ਦਿੱਤਾ ....!!

(3)
ਹਾਰ .....


ਉਮਰਾਂ ਦੇ
ਬਿਰਧ ਹੋਏ ਜਿਸਮਾਂ 'ਚੋਂ ਲੰਗਕੇ
 ਜੇ ਕਦੇ ਵੀ ਮਿੱਲ ਪਏ ਆਪਾਂ
ਉਦੋਂ ਵੀ ਮੇਰੀਆਂ ਠਹਿਰੀਆਂ ਅੱਖਾਂ'ਚ
ਮੁਸ੍ਕੁਰਾ ਰਹੀ ਹੋਵੇਗੀ ਮੁਹੱਬਤ
ਤੈਨੂੰ ਜਿਤਣ ਲਈ
ਮੈਂ ਕਦੇ ਕੋਈ ਬਾਜੀ ਨਹੀਂ ਸੀ ਖੇਡੀ
ਆਪਣੇ ਆਪ ਹੀ ਰੱਖ ਆਈ ਸਾਂ
ਸਾਰੀਆਂ ਨਜ਼ਮਾਂ ਤੇਰੇ ਅੱਗੇ
ਮੁਹੱਬਤ ਤਾਂ ਹਾਰਨ ਦਾ
 ਨਾਂ ਹੈ ......!!

शनिवार, 9 फ़रवरी 2013

ਰੁੱਤਾਂ ਦੇ ਮੌਸਮ......

ਤੇਰੀ ਮੁਸਕਾਨ ਦੇ ਛਿੱਟੇ
ਮੇਰੇ ਵਜੂਦ'ਤੇ ਉਦੋਂ ਆਣ ਪਏ
ਜਦੋਂ ਬਲਦੇ ਅੱਖਰਾਂ ਨੇ
 ਲੂਹ ਦਿੱਤਾ ਸੀ ਮੇਰਾ ਜਿਸ਼ਮ ...
ਤੇਰੀ ਹੋਂਦ ਨੇ ਉਦੋਂ ਹੱਥ ਫੜਿਆ
ਜਦੋਂ ਦਰਿਆ ਚੁਪ ਦੀ ਸਮਾਧੀ ਵਿਚ
ਉੱਤਰ ਗਿਆ  ਸੀ ..
ਤੇਰੀ ਮੁਹੱਬਤ ਨੇ ਮੇਰੇ ਵੱਲ
 ਉਦੋਂ ਅੱਖ ਭਰੀ ...
ਜਦੋਂ ਸਾਹਾਂ ਦੀ ਭਟਕਣ ਰੁਕ ਗਈ ਸੀ
ਮੈਥੋਂ ਕਟੇ ਪਰਾਂ ਨਾਲ ਉੜ ਵੀ ਨਾ ਹੋਇਆ'ਤੇ
ਰੁੱਤਾਂ ਦੇ ਮੌਸਮ ਲੰਗ ਗਏ.....