गुरुवार, 13 जून 2013

ਕਤਲ ਹੁੰਦੇ ਸੁਰਖ ਰੰਗ ....

ਹੁਣ ਤੇਰੀਆਂ ਨਜ਼ਮਾਂ ਵਿੱਚ 
ਨਹੀਂ ਹੁੰਦੀ ਕੋਈ ਮੇਰੇ ਨਾਂਅ ਦੀ ਨਜ਼ਮ  
ਮੇਰੀ ਕਲਮ ਖਾਮੋਸ਼ ਨਜ਼ਰਾਂ ਨਾਲ 
ਤੱਕਦੀ ਰਹਿੰਦੀ ਹੈ 
ਆਪਣੇ ਅਣਕਹੇ ਲਫਜ਼ 
ਜੋ ਸਫਿਆਂ ਉੱਤੇ 
ਉਦਾਸੀ ਦੀ ਬੁੱਕਲ 'ਚ ਬੈਠੇ  
ਅਣਚਾਹੀਆਂ ਲਕੀਰਾਂ ਵਾਹ ਰਹੇ ਹੁੰਦੇ ਨੇ 
ਜਦ ਤੇਰੇ ਨਾਲ ਮੁਹੱਬਤ ਨਹੀਂ ਸੀ 
ਹਵਾ ਲਟਬੌਰੀ ਜਿਹੀ 
ਘੁੱਟ ਲੈਂਦੀ ਸੀ ਜ਼ਖਮਾਂ ਨੂੰ 
ਦਰਦ ਲੰਘ ਜਾਂਦੇ ਠਹਾਕੇ ਮਾਰ 
ਮੁੱਕ ਚੁੱਕੀ ਖੁਸ਼ੀ 
ਮੁਹੱਬਤ ਦੀ ਖਿੜਕੀ ਕਸਕੇ ਬੰਦ ਕਰ ਲੈਂਦੀ 
ਭਿੱਜੀਆਂ ਅੱਖਾਂ ਕੱਟ ਸੁਟਦੀਆਂ ਕੈਂਚੀ ਫੜ੍ਹ 
ਖਿੜੇ ਗੁਲਾਬ ਦੇ ਸੁਰਖ ਰੰਗ 

ਅੱਜ  ਜਦ ਤੇਰੇ ਨਾਂਅ ਦੇ ਅੱਖਰ 
ਹਨੇਰੀਆਂ ਰਾਤਾਂ 'ਚ ਮੁਸਕੁਰਾਉਣ ਲੱਗ ਪਏ ਸੀ  
ਤੇ ਹੱਸਣ ਦੀ ਮਾਕੂਲ ਵਜਾਹ ਮਿਲ ਗਈ ਸੀ
ਹੁਣ ਨਹੀਂ ਹੈ ਤੇਰੀਆਂ ਨਜ਼ਮਾਂ ਵਿੱਚ 
ਮੇਰੇ ਨਾਂਅ ਦਾ ਕੋਈ ਅੱਖਰ....

रविवार, 9 जून 2013

ਮੁਹੱਬਤ....

ਤਿੱਖ਼ੇ ਦੰਦਾਂ ਨਾਲ 
ਕੱਟਦੀ ਹੈ ਰਾਤ ...
ਤੇਰੇ ਬਿਨਾ ਘੁੱਟ ਲੈਂਦੀ ਹੈ ਉਦਾਸੀ 
ਬੇਕਾਬੂ ਜਿਹੇ ਹੋ ਜਾਂਦੇ ਨੇ ਖਿਆਲ 
ਖਿੜਕੀ ਤੋਂ ਆਉਂਦੀ ਹਵਾ
ਹਿੱਕ 'ਚ ਦੱਬੇ ਅੱਖਰਾਂ ਦਾ 
ਅਰਥ ਪੁੱਛਣ ਲੱਗਦੀ ਹੈ 
ਦੱਸ ਮੈਂ ਕਿਵੇਂ ਦੱਸਾਂ ..
ਮੁਹੱਬਤ ਦੀ ਕੋਈ ਸੁਨਹਿਰੀ ਸਤਰ 
ਰੱਸੀਆਂ ਖੋਲਣਾ ਚਾਉਂਦੀ ਹੈ ....

गुरुवार, 6 जून 2013

ਉੜਾਨ ....

ਉਡਾਣ ....

ਇੱਕ ਛੋਟੀ ਜਿਹੀ ਚਿੜੀ 
ਜੋ  ਛੂਹਣਾ ਚਾਹੁੰਦੀ ਸੀ ਆਕਾਸ਼
ਪਰ ਹਰ ਬਾਰ ਡਰ ਜਾਂਦੀ ਸੀ 
ਕਿਸੇ ਹੋਰ ਦੇ ਸੁਨਹਿਰੀ ਖੰਭਾਂ ਨੂੰ ਵੇਖ
ਉਹ ਨਹੀਂ ਸੀ ਜਾਣਦੀ 
ਆਕਾਸ਼ ਸਿਰਫ਼ ਖੂਬਸੂਰਤ  
ਖੰਭਾਂ ਵਾਲਿਆਂ ਦਾ ਹੀ ਨਹੀਂ 
ਉੱਚੀ ਉਡਾਣ ਦੀ ਸੋਚ 
ਵਾਲਿਆਂ ਦਾ ਵੀ
ਹੁੰਦਾ ਹੈ ...