रविवार, 27 जनवरी 2013

26 ਜਨਵਰੀ ਇਮਰੋਜ਼ ਦੇ ਜਨਮਦਿਨ  ਤੇ  ਇਕ ਨਜ਼ਮ .....

ਇਕ ਆਜ਼ਾਦੀ ਵਾਲੇ  ਦਿਨ
ਮਾਂ ਨੇ ਰੰਗਾ ਦੀ ਕਲਮ  ਫੜਾ
ਉਤਾਰ ਦਿੱਤਾ ਸੀ ਉਸਨੂੰ  ਧਰਤੀ ਉੱਤੇ
ਤੇ ਉਹ ਕਲਮ ਫੜੀ ਜ਼ਿੰਦਗੀ ਭਰ
ਭਰਦਾ ਰਿਹਾ 
ਹੋਰਨਾ ਦੀ ਤਕਦੀਰਾਂ 'ਚ
ਰੋਸ਼ਨੀਆਂ ਦੇ ਰੰਗ ....

ਕਦੇ ਮੁਹੱਬਤ ਬਣ
ਕਦੇ ਨਜ਼ਮ ਬਣ
ਤੇ ਕਦੇ ਰਾਂਝਾ ਬਣ ....

ਇਕ ਦਿਨ ਮਿੱਟੀ ਨੇ ਸਾਹ ਭਰੇ
ਤੇ ਖਿਲਰੇ  ਪਏ ਰਿਸ਼ਤਿਆਂ ਉੱਤੇ
ਲਿਖ ਲਏ ਤੇਰੇ ਨਾਂ ਦੇ  ਅੱਖਰ
ਤੇ ਅਮ੍ਰਿਤਾ ਬਣ ਜਿੰਦਾ ਹੋ ਗਈ ..
ਪੀਲੇ ਫੁੱਲ ਕਦੇ ਸੁਰਖ ਹੋ ਜਾਂਦੇ
ਤੇ ਕਦੇ ਗੁਲਾਬੀ.....
ਧਰਤੀ ਫੁੱਲਾਂ ਨਾਲ ਭਰ ਗਈ
ਪੀਂਘਾਂ ਸਤਰੰਗੀ ਹੋ
ਝੂਲਨ ਲਗ ਪਇਆਂ ...

ਦੱਸ ਉਹ ਕਿਹੜੀ ਧਰਤੀ ਹੈ
ਜਿੱਥੇ ਤੂੰ ਮਿਲਦਾ ਹੈਂ
ਮੈਂ ਵੀ ਆਪਣੇ ਜਖਮਾਂ ਵਿਚ
ਭਰਨਾ ਚਹੁੰਦੀ  ਹਾਂ ਤੇਰੇ ਰੰਗ
ਉਨਾਂ ਖੂਬਸੂਰਤ ਪਲਾਂ ਨੂੰ
ਹੱਥਾ ਦੀਆਂ ਲਕੀਰਾਂ ਉੱਤੇ ਵਾਹ
ਟੁਟਦੇ ਸਾਹਾਂ ਨੂੰ..
 ਤਰਤੀਬ ਦੇਣਾ ਚਹੁੰਦੀ ਹਾਂ
ਅੱਜ ਮੈਂ ਵੀ ਰੰਗਨਾ ਚਹੁੰਦੀ ਹੈ
ਵਰਿਆਂ  ਤੋਂ ਬੰਦ ਪਏ
ਦਿਲ ਦੇ ਕਮਰਿਆਂ ਨੂੰ
ਮੁਹੱਬਤ ਦੇ ਰੰਗਾ ਦੇ ਨਾਲ

ਇਮਰੋਜ਼ ....
ਕੀ ਤੂੰ ਮੈਨੂੰ  ਅੱਜ ਦੇ ਦਿਨ
ਕੁਝ ਰੰਗ ਉਧਾਰੇ ਦਏੰਗਾ ...?


ਹਰਕੀਰਤ 'ਹੀਰ'
 (2)

ਇਕ ਦਿਨ
ਇਕ ਕੁਖ ਨੇ ਤੈਨੂੰ
ਰੰਗ ਹੱਥ 'ਚ ਫੜਾ
ਅਸਮਾਨ ਅੱਗੇ ਕਰ ਦਿੱਤਾ
ਪਰ ਤੂੰ ਸਿਰਫ
ਇਕ ਬੁਤ ਉੱਤੇ ਰੰਗ ਫੇਰਿਆ
ਤੇ ਅਪਣੀ ਮੁਹੱਬਤ ਦੇ ਸਾਰੇ ਅੱਖਰ
ਉਸ ਵਿਚ ਬੋ  ਦਿੱਤੇ ..

ਤਲਖ ਮੌਸਮਾਂ ਨੂੰ
ਰਾਸਤਾ ਲਭ ਗਿਆ
ਜਖਮਾਂ ਦੇ ਪੁੱਲ
ਉਮਰ ਪਾਰ ਕਰ ਗਏ
ਉਸਦੇ ਹੱਥ ਬਲਦੀ ਅੱਗ ਸੀ
ਤੇ ਤੇਰੇ ਹੱਥ ਮੁਹੱਬਤ ਦਾ ਪਾਣੀ
ਉਹ ਨਜ਼ਮਾਂ ਨਾਲ  ਸਿਗਰੇਟਾਂ ਦੀ ਰਾਖ  ਝਾੜਦੀ
ਤੂੰ ਮੁਹੱਬਤਾਂ ਦੀ ਮੰਜੀ ਉੱਤੇ ਬੈਠਾ
ਜ਼ਿੰਦਗੀ ਦੇ ਕੈਨਵਸ 'ਚ ਰੰਗ ਭਰਦਾ
ਉਹ ਮਾਝਾ ਸੀ
ਤੇਰੇ ਖਵਾਬਾਂ  ਦੀ ਮਾਝਾ *....

ਇਕ ਵਰਾਂ
 ਮਾਂ ਨੇ ਤੈਨੂੰ ਜੰਮਿਆ ਸੀ
ਤੇ ਇਕ ਵਾਰੀ
ਮਾਝਾ ਨੇ ਤੈਨੂੰ  ਜੰਮਿਆ...
ਪਤਾ ਨਹੀਂ ਕਯੋਂ ਇਮਰੋਜ਼
ਸੋਚਦੀ ਹਾਂ ...
ਜੇਕਰ ਤੂੰ ਇਕ ਵਾਰੀ
ਮੇਰੀਆਂ ਨਜ਼ਮਾਂ ਦੀ ਰਾਖ਼  ਉੱਤੇ
ਰੰਗ ਫੇਰ ਦਿੰਦਾ
ਤੇ ਉਹਨਾ ਵਿਚ ਦੀ ਮਰੀ ਮੁਹੱਬਤ
ਮੁੜ ਸਾਹ ਲੈਣ ਲੱਗ ਪੈਂਦੀ .....
ਯਕੀਨ ਜਾਣ
ਮੈਂ ਤੇਰੇ ਰੰਗਾਂ ਨੂੰ ਕਿਸੇ ਤਪਦੀ ਅੱਗ ਦਾ
ਸਪਰਸ਼ ਨਹੀਂ ਹੋਣ ਦਿਆਂਗੀ
ਬਸ ਇਹਨਾ ਠੰਡੇ ਤੇ ਜ਼ਰਦ ਹੋਏ ਹੱਥਾਂ ਨਾਲ
ਉਸਨੂੰ  ਛੂਹ ਕੇ
ਹੀਰ ਹੋਣਾ ਚਾਹੁੰਦੀ ਹਾਂ ....

ਮਾਝਾ *-ਇਮਰੋਜ਼ ਅਮ੍ਰਿਤਾ  ਨੂੰ ਮਾਝਾ ਸੱਦਦੇ ਸੀ 

बुधवार, 23 जनवरी 2013

ਮੁਹੱਬਤ ....

ਉਹ ਰੋਜ਼ ਉੱਥੇ
  ਦੀਵਾ ਬਾਲ ਆਂਦੀ ਹੈ
 ਇੱਟ ਤੇ ਇੱਟ ਚਿਣ ਕੇ
ਸਬਦਾਂ ਦੀ ਕਚਹਿਰੀ ਵਿਚ ਖੜੀ  ਹੋ
ਪੁਛਦੀ ਹੈ ਉਸਨੂੰ
ਮਜਬੂਰ ਹੋਈ ਮਿੱਟੀ ਦੀ ਜਾਤ...
  ਰਿਸ਼ਤਿਆਂ ਦੀ ਧਾਰ ਤੋਂ ਲੁਕਦੀ
ਉਹ ਉਸ ਨੂੰ ਗੱਲਵਕੜੀ ਪਾਈ
ਗੁੰਗੇ ਸਾਜਾਂ ਨਾਲ ਕਰਦੀ ਹੈ  ਗੱਲਾਂ..

ਪਿੰਜਰੇ ਤੋ ਪਰਵਾਜ਼ ਤੀਕ
ਉਹ ਕਈ  ਵਾਰ ਸੂਲੀ ਉੱਤੇ ਚੜੀ ਸੀ
ਇਕ ਦੂਜੇ ਦੀਆਂ ਅੱਖਾ ਵਿਚ ਅੱਖਾਂ ਪਾ 
ਸਾਹਾਂ ਦੀ ਉਡੀਕ ਵਿਚ
ਜ਼ਿੰਦਗੀ ਦੇ ਅਣਲਿਖੇ ਰਿਸ਼ਤਿਆਂ ਦੇ
ਪਾਰ ਦੀ ਕਹਾਣੀ ਲਿਖਦੇ
ਉਹ ਭੁੱਲ ਗਏ  ਸੀ
ਮੁਹੱਬਤਾਂ ਅਮੀਰ ਨਹੀਂ ਹੁੰਦੀਆਂ...
 ਜੇਕਰ ਧਰਤੀ ਫੁੱਲਾਂ ਨਾਲ ਭਰੀ ਹੁੰਦੀ
ਤੇ ਦਰਿਆ ਲਹਿਰਾਂ ਨਾ ਚੁੰਮ ਲੈਂਦੇ  ... ?

ਇਕ ਦਿਨ ਉਹ
 ਕੁਦਰਤ ਦੀਆਂ ਬਾਹਾਂ ਵਿਚ
ਝੂਲ ਗਿਆ ਸੀ
ਤੇ ਅੱਖਰ-ਅੱਖਰ  ਹੋ
ਪੱਥਰ ਬਣ ਗਿਆ ਸੀ
ਮੁਹੱਬਤ ਦਾ ਪੱਥਰ .....
ਗੁਮਸੁਮ ਖੜੀਆਂ ਹਵਾਵਾਂ ਝੀਤਾਂ ਥਾਣੀ
  ਹਉਕੇ ਭਰਦੀਆਂ ਰਹੀਆਂ ..
ਕੋਈ ਰੇਤ ਦਾ ਕਿਣਕਾ
ਅੱਖਾਂ ਵਿਚ ਲਹੁ ਬਣ ਬਲਦਾ ਰਿਹਾ..

ਘੁਪ ਹਨੇਰੇ ਦੀ ਕੁਖ ਵਿਚ
ਉਹ ਦੀਵਾ  ਬਾਲ
ਮੁੜ ਚੁਪਚਾਪ
 ਪਰਤ ਆਂਦੀ ਹੈ
ਕਿਸੇ ਅਗਲੇ ਜਨਮ ਦੀ
ਉਡੀਕ 'ਚ ....!!

गुरुवार, 10 जनवरी 2013

ਕਰਜ਼ਦਾਰ.....

ਸੁਣ ....
ਮੈਂ ਤੇਰੀ ਕਰਜ਼ਦਾਰ ਹੋ ਗਈ  ਹਾਂ
ਸੋਚਦੀ ਹਾਂ ਕਿਵੇਂ ਚੁਕਾਵਾਂਗੀ ਇਹ ਕਰਜ਼
ਲੋਕੀ ਕਹਿੰਦੇ ਨੇ
ਸਿਰ ਤੇ ਕਰਜ਼ ਰਹਿਨਾਂ ਚੰਗੀ ਗੱਲ ਨਹੀਂ
ਭਰ ਮੈਂ ਇਹ ਕਰਜ਼ ਬਣਾਕੇ ਰਖਿਣਾ ਚਾਹੁੰਦੀ ਹਾਂ
ਆਖਿਸੀ ਸਾਹਵਾਂ ਤੀਕ ...

 ਜੇਕਰ ਕਦੇ ਵਸੁਲਣਾ  ਹੋਵੇ
ਅਗਲੇ ਜਨਮ'ਚ ਵਸੂਲ ਲਈਂ
ਚੰਗਾ ਹੈ ਨਾ ...
ਇਸੇ ਬਹਾਨੇ ਤੂੰ ਆਵੇਂਗਾ ਤੇ ਸਹੀ ...

ਕਰਜ਼ ਹੋਰ ਵੀ ਨੇ ....
ਜਿਉਣ ਜੋਗੀ ਖੁਸ਼ੀਆਂ ਦੇਣ ਦਾ ਕਰਜ਼
ਚੁਪਕੇ ਜੇਹੇ ਹਵਾਵਾਂ ਦੇ ਹੱਥ ਭੇਜੇ ਤੇਰੇ ਖਤਾਂ ਦਾ ਕਰਜ਼
ਜੋ ਕਈ ਵਰਾਂ ਮੈਨੂੰ  ਗੋਦ ਵਿਚ ਲੈ ਸਹਿਲਾਂਦੇ ਰਹੇ ਨੇ
ਸਬਤੋਂ ਵੱਡਾ ਕਰਜ਼ ਤੇ ਉਹ ਹੈ
ਜੋ ਤੂੰ ਬਿਨਾ ਜੁਬਾਨ ਹਿਲਾਏ
ਖਾਮੋਸ਼ੀ ਨਾਲ ਫੋਨ ਉੱਤੇ ਕਹਿ ਦਿੰਦਾ ਸੀ
ਮੈਂ ਉਸ ਮੁਸਕੁਰਾਹਟ ਦੀ ਵੀ ਕਰਜਦਾਰ ਹਾਂ
ਜੋ ਅਚਨਚੇਤ ਮੇਰੇ ਹੋੰਠਾਂ ਉੱਤੇ
ਤੇਰੇ ਖਿਆਲਾਂ ਨਾਲ ਆ ਜਾਂਦੀ ਹੈ
ਤੇ ਕਈ ਵਰਾਂ ...
ਬਿਨਾ  ਹੋੰਠਾਂ  ਨੂੰ ਜੁਮ੍ਬਿਸ ਦਿੱਤੀਆਂ
ਖਿਲਖਿਲਾ ਕੇ ਹੱਸ ਵੀ ਪੈਂਦੀ ਹੈ
ਜਿਸ ਨੂੰ ਮੈਂ ...
ਸਿਰਫ ਮੈਂ ਹੀ ਸੁਣ ਸਕਦੀ ਹਾਂ ...

ਸੁਣ  ....
ਮੈਂ ਤੇਰੀ ...
ਕਰਜਦਾਰ ਹੋਣਾ ਚਾਹੁੰਦੀ ਹਾਂ .....!!
रविवार, 6 जनवरी 2013ਫਾਸਲੇ....


 ਜੋ ਕਦੇ ਦੇ ਨਾ ਸਕੇ

ਤਿਨਕੇ ਮੁਹੱਬਤ ਦੇ

ਘਰ ਬਨਾਣ ਨੂੰ ਸਾਨੂੰ
ਉਹ ਕੀ ਜਾਨਣ ....

ਘਰ ਕਿਸਨੂੰ  ਆਖਦੇ ਨੇ
ਅਸੀਂ ਜੋੜਦੇ ਰਹੇ  ਉਮਰ ਸਾਰੀ

ਬਿਖਰੇ ਤਿਨ੍ਕੀਆਂ ਦੇ ਤੀਲੇ 

ਪਰ ਫਾਸਲੇ ਦੋਨਾ ਵਿਚ ਦੇ 
ਜੋੜ ਨਾ ਸਕੇ .....                                   ਹੀਰ ..............


शुक्रवार, 4 जनवरी 2013

ਗ਼ਜ਼ਲ....

ਚਿਹਰਾ ਮੇਰਾ ਸੀ ਤੇ ਉਂਗਲਾਂ  ਓਸਦੀਆਂ

ਖਾਮੋਸ਼ੀ ਮੇਰੀ ਸੀ ਤੇ ਗੱਲਾ ਓਸਦੀਆਂ

ਉਹ ਮੇਰੇ ਚਿਹਰੇ ਉੱਤੇ ਗ਼ਜ਼ਲ ਲਿਖਦਾ ਰਿਹਾ

ਮੁਹੱਬਤ ਨਾ ਭਰੀਆਂ ਨਜ਼ਰਾਂ ਦੇ ਨਾਲ ..