शनिवार, 1 सितंबर 2012ਪਿਆਰ.......

ਜੇਕਰ ਤੂੰ ...
ਪਿਆਰ ਨਹੀਂ ਕਰ ਸਕਦਾ
ਤਾਂ ਪਿਆਰ ਦਾ ਏਹਸਾਸ ਤਾਂ ਕਰ
ਪਿਆਰ ਰੱਬ ਦੇ  ਘਰ  ਦਾ
ਪਹਿਲਾ ਦਰਵਾਜਾ ਹੈ ...


ਵਕਤ ਦੀਆਂ ਲਕੀਰਾਂ .....

ਬਹੁਤ ਪਹਿਲਾਂ  ...
ਮੈਂ ਚੂਰੀ ਵੀ ਕੁੱਟੀ  ਸੀ
ਤੇ ਬੂਹਾ ਖੋਲ ਉਡੀਕਿਆ ਵੀ ਸੀ
ਉਦੋਂ ਕਿਸੇ ਵੰਝਲੀ ਨਾ ਵਜਾਈ
ਕਿਸੇ ਨਜ਼ਮ ਨਾ ਗਾਈ
ਹੋਲੀ -ਹੋਲੀ  ਚਨਾਬ ਦਾ ਪਾਣੀ ਵਧਦਾ ਗਿਆ
ਮੈਂ ਹੀਰ ਤੋਂ ਹਕ਼ੀਰ ਹੋ ਗਈ ....

ਵਰਿਆਂ ਬਾਹਿਦ ਕੀਤੇ ਤੈਨੂੰ 
ਵੰਝਰੀ ਵਜਾਉਂਦੇ ਸੁਣਿਆ
ਮੈਂ ਦਿਲ ਦਾ ਬੂਹਾ ਖੋਲ ਦਿੱਤਾ
ਕਈ ਸਾਰਿਆ ਨਜ਼ਮਾਂ ਤੇਰੇ ਨਾਂ ਕਰ ਦਿੱਤੀਆਂ
ਤੂੰ ਵੀ ਕੈਨਵਸ ਤੇ ਰੰਗਾਂ ਨਾਲ ਮੇਰਾ ਨਾਂ ਲਿਖਿਆ
ਪਰ ਉਮਰਾਂ ਦੇ ਟੁਟਦੇ ਟਾਂਕੇ ਮੈਂ ਜੋੜ ਨਾ ਸਕੀ
ਚਨਾਬ ਦਾ ਪਾਣੀ ਵਧਦਾ ਰਿਹਾ ....

ਇਕ ਦਿਨ ਮੈਂ ਵਕਤ ਦਾ ਹੱਥ ਫੜ ਪੁਛਿਆ
ਜਦੋਂ ਤੂੰ ਸਬ੍ਕੁਝ ਦਿੱਤਾ , ਵਕਤ ਕਿਓਂ  ਨਾ ਦਿੱਤਾ ..?
ਰੋਕ ਲੈ ਇਸ ਵਧਦੇ ਪਾਣੀ ਨੂੰ
ਮੈਂ ਡੁੱਬਣਾ ਨਹੀਂ ਚਾਹੁੰਦੀ ...
ਉਹ ਹੱਸ ਪਿਆ ਬੋਲਿਆ ....
ਵਕਤ ਦੀਆਂ ਲਕੀਰਾਂ ਤੇਰੇ ਹੱਥਾਂ ਉੱਤੇ ਨਹੀਂ .....

ਮੈਂ ਵੇਖਿਆ ਦੁਰ ਕੋਈ ਕਬਰ ਉੱਤੇ  ਬੈਠਾ
ਵੰਝਰੀ ਵਜਾ ਰਿਹਾ ਸੀ ........
ਅੱਗ ਦੇ ਨਵੇਂ  ਅਰਥ ....


ਮੈਂ ਫਿਰ ਲਵਾਂਗੀ ਜਨਮ
ਅੱਗ ਦੇ ਨਵੇਂ ਅਰਥ ਲੈ ਕੇ
ਇਸ ਤਪਦੇ ਸੂਰਜ ਨੂੰ ਦਸਣ ਲਈ
ਅੱਗ ਦਾ ਅਰਥ ਸਿਰਫ
ਚੁੱਲੇ ਉੱਤੇ ਰੋਟੀਆਂ ਪ੍ਕਾਣਾ ਨਹੀਂ
ਅੱਗ ਦਾ ਮਤਲਬ ...
ਤਲਖ ਨਜ਼ਰਾਂ ਨੂੰ ਜ੍ਲਾਣਾ ਵੀ ਹੈ

ਮੈਂ ਫਿਰ ਲਵਾਂਗੀ ਜਨਮ ...
ਸੀਨੇ ਵਿਚ ਬਲਦੀ ਅੱਗ ਨਾਲ
ਲਿਖਾਂਗੀ ਨਜ਼ਮ
ਮਾਂ  ਦੇ ਅਥਰੂਆਂ ਨੂੰ ਹਾਸਿਆਂ 'ਚ ਬਦਲਣ ਲਈ
ਬੀਜੀ ਦੇ ਪਿਠ ਤੇ ਪਏ ਨਿਸ਼ਾਨਾ ਨੂੰ
ਅੱਗ ਨਾਲ  ਲੜਨਾ ਸਿਖਾਵਾਂਗੀ ...

ਮੈਂ ਫਿਰ ਲਵਾਂਗੀ ਜਨਮ ...
ਇਸ ਨਪੁੰਸਕ ਸਮਾਜ ਦੇ ਕੁੰਡੇ ਖੜਕਾਉਣ
ਔਰਤ ਦੇ ਹਉਕਿਆਂ ਅਤੇ ਉਸਦੀਆਂ ਲਿਖੀਆਂ
ਇਬਾਰਤਾਂ ਨੂੰ ਨਵਾਂ ਅਰਥ ਦੇਣ
ਮੇਰੇ ਸ਼ਬਦਕੋਸ਼ ਵਿਚ ਅੱਗ ਦੇ ਹੋਰ ਵੀ ਅਰਥ ਨੇ
ਮੇਰੀ ਅੱਗ ਰਾਖ ਹੋਕੇ ਵੀ ਧਧਕਦੀ  ਹੈ
ਉਹ ਸਿਰਫ ਔਰਤ ਦੇ ਕਪੜਿਆਂ ਨੂੰ ਨਹੀਂ ਲਗਦੀ 
ਪਿੰਡ  ਦੇ ਪਿੰਡ ਸਾੜ  ਦਿੰਦੀ  ਹੈ
ਅਸਮਾਨ  ਤੋਂ ਡਿਗਦੀ  ਹੈ ਗਾਜ਼  ਬਣਕੇ 
ਉਹਨਾ  ਹੱਥਾਂ  ਉੱਤੇ ...
ਜੋ ਜਮਣ ਤੋਂ ਪਹਿਲਾਂ ਹੀ ਕਤਲ ਦੇ
ਗੁਨਾਹਗਾਰ ਹੁੰਦੇ ਨੇ ....

ਮੈਂ ਫਿਰ ਜਨਮ ਲਵਾਂਗੀ
ਅੱਗ ਦੀ  ਧੀ ਬਣ ਕੇ
ਆਪਣੇ ਪੰਖਾਂ ਦੀ ਉਡਾਰੀ ਨਾਲ
ਕਰਾਂਗੀ ਸੂਰਜ ਨਾਲ ਮੁਕਾਬਲਾ
ਸੁਨਿਹਰੇ  ਅੱਖਰਾਂ ਨਾਲ ਲਿਖਾਂਗੀ
ਅਸਮਾਨ ਉੱਤੇ ਅੱਗ ਦੇ ਨਵੇਂ ਅਰਥ

ਹਾਂ ਮੈਂ ਫਿਰ ਜਨਮ ਲਵਾਂਗੀ ....
ਅੱਗ ਦੇ ਨਵੇਂ ਅਰਥ ਲੈ ਕੇ ....!!

(1)


ਤਲਾਸ਼ ਰਿਸ਼ਤੇ ਦੀ .....

ਪਤਾ ਨਹੀਂ ਕਿਤਨੇ ਰਿਸ਼ਤੇ
ਬਿਖਰੇ ਪਏ ਨੇ ਮੇਰੀ ਦੇਹ ਵਿਚ
ਫਿਰ ਵੀ ਤਲਾਸ਼ ਜਾਰੀ ਹੈ
ਇਕ ਇਹੋ ਜਿਹੇ  ਰਿਸ਼ਤੇ ਦੀ
ਜੋ ਲਾਪਤਾ ਹੈ ਉਸ ਦਿਨ ਤੋਂ
ਜਿਸ ਦਿਨ ਤੋਂ ਤੂੰ ਬੰਨ ਦਿੱਤੀ ਸੀ ਡੋਰ
ਇਕ ਨਵੇਂ ਰਿਸ਼ਤੇ ਦੇ ਨਾਲ
ਤੇ ਮੈਂ ਵਿਛੜ ਗਈ..
ਆਪਣੇ ਰੂਹ ਨਾਲ ਜੁੜੇ
ਉਸ   ਰਿਸ਼ਤੇ ਤੋਂ ..
ਜ਼ਖਮਾਂ ਦੀ ਤਾਬ ਝੇਲਦੀ 
ਅਜੇ ਤੀਕ ਮੈਂ ਜਿੰਦਾ ਹਾਂ
ਉਸ ਰਿਸ਼ਤੇ ਦੀ ਤਲਾਸ਼ ਵਿਚ ....

(2)

ਚੀਥੜੇ ...

ਕਿਤਨੇ ਹੀ ਟੁਕੜੇ ਨੇ ਕਾਗਚਾਂ ਦੇ
ਤੇ ਕੋਈ ਅਧੂਰੀ ਜੇਹੀ ਨਜ਼ਮ ਜ਼ਿਸਮ ਅੰਦਰ
ਕਿਤਨੀਆਂ ਹੀ ਕਤਰਨਾ ਨੇ ਅੰਗਾ ਦੀਆਂ
ਕਿਸੇ ਵਿਚ ਸਿੰਦੂਰ ਹੈ ...
ਕਿਸੇ ਵਿਚ ਚੂੜੀਆਂ
ਤੇ ਕਿਸੇ ਵਿਚ ਬਿਛੂਏ ...
ਇਹਨਾ ਦਾ ਦਾਹ-ਸੰਸਕਾਰ ਨਹੀਂ ਹੋਇਆ ਅਜੇ
ਮਰ ਤੇ ਇਹ ਓਦਣ ਹੀ ਗਏ ਸੀ
ਜਿਦਣ  ਤੂੰ ਜਿਲਤ ਨੂੰ ਲਾਹ
 ਚਿਥੜੇ - ਚਿਥੜੇ ਕੀਤਾ ਸੀ .....

(3)

ਮੁਹੱਬਤ ....

ਦੇਹ ਤੋਂ ਪਰੇ ਵੀ
ਮੁਹੱਬਤ ਹੁੰਦੀ ਹੈ ....
ਜੋ ਕਦੇ ਪਰੀਖਿਆ ਨਹੀਂ ਲੈਂਦੀ
ਇਕ ਪਲ ਦੀ ਹੀ ਸਹੀ
ਜਿਉਂਦੀ ਰਹਿੰਦੀ ਹੈ ਨਾਲ
ਵਰਿਆਂ  ਤੀਕ ....
ਘੁਟ ਕੇ ਫੜੀ ਹੱਥ ....!!

(4)

ਤਹਿਖਾਨਿਆਂ  ਤੀਕ ....

ਕੋਈ ਠੰਡੀ ਹਵਾ ਦਾ ਬੁੱਲਾ
ਅੱਧੀ ਰਾਤੀਂ ਮੇਰੇ ਲਹੁ ਵਿਚ
ਅੱਖਰ -ਅੱਖਰ ਹੋ ....
ਲਿਖ ਜਾਂਦਾ ਹੈ ਕਿਤਾਬ
ਕਦੇ ਤਾਂ ਆ...
 ਦਿਲ ਦੇ ਤਹਿਖਾਨਿਆਂ  ਤੀਕ
ਜਿਸਦੀਆਂ ਟੁਟੀਆਂ  ਸਤਰਾਂ ਜੋੜ
ਕੋਈ ਨਜ਼ਮ ਬਣਾ ਸਕੀਏ ....