गुरुवार, 13 जून 2013

ਕਤਲ ਹੁੰਦੇ ਸੁਰਖ ਰੰਗ ....

ਹੁਣ ਤੇਰੀਆਂ ਨਜ਼ਮਾਂ ਵਿੱਚ 
ਨਹੀਂ ਹੁੰਦੀ ਕੋਈ ਮੇਰੇ ਨਾਂਅ ਦੀ ਨਜ਼ਮ  
ਮੇਰੀ ਕਲਮ ਖਾਮੋਸ਼ ਨਜ਼ਰਾਂ ਨਾਲ 
ਤੱਕਦੀ ਰਹਿੰਦੀ ਹੈ 
ਆਪਣੇ ਅਣਕਹੇ ਲਫਜ਼ 
ਜੋ ਸਫਿਆਂ ਉੱਤੇ 
ਉਦਾਸੀ ਦੀ ਬੁੱਕਲ 'ਚ ਬੈਠੇ  
ਅਣਚਾਹੀਆਂ ਲਕੀਰਾਂ ਵਾਹ ਰਹੇ ਹੁੰਦੇ ਨੇ 
ਜਦ ਤੇਰੇ ਨਾਲ ਮੁਹੱਬਤ ਨਹੀਂ ਸੀ 
ਹਵਾ ਲਟਬੌਰੀ ਜਿਹੀ 
ਘੁੱਟ ਲੈਂਦੀ ਸੀ ਜ਼ਖਮਾਂ ਨੂੰ 
ਦਰਦ ਲੰਘ ਜਾਂਦੇ ਠਹਾਕੇ ਮਾਰ 
ਮੁੱਕ ਚੁੱਕੀ ਖੁਸ਼ੀ 
ਮੁਹੱਬਤ ਦੀ ਖਿੜਕੀ ਕਸਕੇ ਬੰਦ ਕਰ ਲੈਂਦੀ 
ਭਿੱਜੀਆਂ ਅੱਖਾਂ ਕੱਟ ਸੁਟਦੀਆਂ ਕੈਂਚੀ ਫੜ੍ਹ 
ਖਿੜੇ ਗੁਲਾਬ ਦੇ ਸੁਰਖ ਰੰਗ 

ਅੱਜ  ਜਦ ਤੇਰੇ ਨਾਂਅ ਦੇ ਅੱਖਰ 
ਹਨੇਰੀਆਂ ਰਾਤਾਂ 'ਚ ਮੁਸਕੁਰਾਉਣ ਲੱਗ ਪਏ ਸੀ  
ਤੇ ਹੱਸਣ ਦੀ ਮਾਕੂਲ ਵਜਾਹ ਮਿਲ ਗਈ ਸੀ
ਹੁਣ ਨਹੀਂ ਹੈ ਤੇਰੀਆਂ ਨਜ਼ਮਾਂ ਵਿੱਚ 
ਮੇਰੇ ਨਾਂਅ ਦਾ ਕੋਈ ਅੱਖਰ....

1 टिप्पणी: