बुधवार, 31 जुलाई 2013

ਦੁਆਵਾਂ ਦਾ ਫੁੱਲ ....

ਸੋਚਾਂ ਸੱਚ ਹੁੰਦੀਆਂ ਹੋਣਗੀਆਂ 
ਪਰ ਹੀਰ ਦੀਆਂ ਸੋਚਾਂ 
ਕਦੇ ਕੈਦੋਂ ਨੇ
ਸੱਚ ਨਹੀਂ ਹੋਣ ਦਿੱਤੀਆਂ 
ਇੱਕ ਖੂਬਸੂਰਤ ਸ਼ਾਇਰਾ ਦੀ ਮੁਹੱਬਤ 
ਵਕਤ ਦੀ ਕਿੱਲੀਆਂ ਉੱਤੇ ਟੰਗੀ 
ਮਜ਼ਬੂਰ ਖੜ੍ਹੀ ਹੈ ...

ਇਹਨਾਂ ਪੀੜਾਂ ਦੀ ਕਸਕ 
ਤੂੰ ਵੀ  ਸੁਣੀ ਹੋਵੇਗੀ ਕਦੇ
ਕਬਰਾਂ ਉੱਤੇ
ਸੂਹੇ ਗੁਲਾਬ ਨਹੀਂ ਖਿੜਦੇ
ਆਪਣੀ ਪਾਗਲ ਜਿਹੀ ਚਾਹਤ
ਅਤੇ
ਰੰਗੀਲੀਆਂ ਚੁੰਨੀਆਂ ਦੇ ਖ਼ਾਬ 
ਮੈਂ ਹੁਣ ਚੁੱਪ ਦੀ ਬੁੱਕਲ ਪਿੱਛੇ 
ਲੁਕਾ ਦਿੱਤੇ ਨੇ ....
ਮੁਹੱਬਤ ਦੀਆਂ ਲਕੀਰਾਂ 
ਕੈਨਵਸ ਤੇ aੁੱਤਰਦੀਆਂ ਹੋਣਗੀਆਂ 
ਹਥੇਲੀਆਂ ਉੱਤੇ ਲਕੀਰਾਂ 
ਤਿੜਕ ਜਾਦੀਆਂ ਨੇ ..

ਚੱਲ ਤੂੰ ਇੰਜ ਜ਼ਖਮਾਂ ਉੱਤੇ
ਰੇਸ਼ਮੀ ਰੁਮਾਲ ਨਾ ਫੇਰ
ਰਾਤ ਹਉਕੇ ਭਰਨ ਲੱਗਦੀ ਹੈ 
ਬੇਜਾਨ ਹੋਏ ਸੋਚਾਂ ਦੇ ਬੁੱਤ
ਕੋਲ਼ ਖੜ੍ਹੇ ਰੁੱਖਾਂ ਵਿੱਚੋਂ
ਖ਼ਾਮੋਸ਼ੀ ਦੇ ਸ਼ਬਦ ਤਲਾਸ਼ਦੇ ਨੇ 
ਸੁਪਨਿਆਂ ਦੇ ਅੱਖਰ ਪੱਥਰ ਹੋ 
ਮਲਕੜੇ ਜਿਹੇ ਸਮੁੰਦਰ ਵਿੱਚ 
ਉੱਤਰ ਜਾਂਦੇ ਨੇ ...

ਵੇਖ ਅੱਜ  ਮੇਰੀ ਨਜ਼ਮ ਵੀ
ਸਹਿਮੀ ਜਿਹੀ ਖੜੀ ਹੈ
ਆ ਅੱਜ ਦੀ ਰਾਤ 
ਇਸਦੀ ਛਾਤੀ 'ਤੇ ਕੋਈ
ਦੁਆਵਾਂ ਦਾ ਫੁੱਲ ਰੱਖ ਦੇ ....

1 टिप्पणी: