रविवार, 12 मई 2013

ਮੇਰਾ ਨਾਂਅ.....

ਮੇਰਾ ਨਾਂਅ 'ਖਿਆਲ '... 
ਮੇਰਾ ਨਾਂਅ 'ਮਰਜ਼ੀ '... 
ਮੇਰਾ ਨਾਂਅ 'ਹੀਰ '....
ਤੂੰ ਜਿੰਨੇ ਨਾਂਅ ਰੱਖਣੇ ਨੇ ਰਖ ਲੈ 

ਤੇ ਇੰਜ ਹੀ ਖਿਆਲਾਂ ਨੂੰ ਰੰਗ ਦਿੰਦਾ ਰਹਿ 
ਮੈਂ ਮਰਜ਼ੀ ਬਣ ਦੀ ਜਾਵਾਂਗੀ 

ਤੇਰੀ ਮਰਜ਼ੀ ਦੀ ਵੀ 
ਤੇ ਆਪਣੀ ਮਰਜ਼ੀ ਦੀ ਵੀ ...

ਜਿਵੇਂ ਰੱਬ ਦਾ ਖਿਆਲ 
ਬੜਾ ਨਿੱਘਾ ਤੇ ਸੁਹਾਵਣਾ ਹੁੰਦਾ ਹੈ 

ਉਂਜ ਹੀ ਤੇਰਾ ਖਿਆਲ ਵੀ 
ਰੱਬ ਵਰਗਾ ਹੈ 
ਤੂੰ ਮੇਰੀਆਂ 'ਖਾਮੋਸ਼ ਚੀਕਾਂ' ਨੂੰ 
ਆਪਣੀ ਮਰਜ਼ੀ ਦੇ  ਰੰਗ ਭਰੇ

ਤੇ ਉਹ ਅੱਖਰ ਅੱਖਰ ਹੋ 
ਵਰਕਿਆਂ 'ਤੇ ਖਿੜ  ਗਈਆਂ ...
ਇਕ ਉਦਾਸ ਜੇਹੀ ਜ਼ਿੰਦਗੀ
ਹਨੇਰਿਆ ਦੀ ਬੁੱਕਲ ਖੋਹਲ 

ਆਸਮਾਨ ਵੱਲ ਤੱਕਣ ਲੱਗੀ 
ਅੱਜ ਮੈਂ ਪਹਿਲੀ ਵੇਰ 

ਸੂਰਜ ਦੇ ਚਿਹਰੇ 'ਤੇ ਪਸੀਨਾ ਵੇਖਿਆ 
ਇਹ ਤੇਰੇ ਰੰਗਾਂ ਦੀ ਕਰਾਮਾਤ ਸੀ 
ਉਹ ਮੁੜ੍ਹਕੋ -ਮੁੜ੍ਹਕੀ ਰੁੱਖਾਂ ਦੇ ਪਿੱਛੇ ਲੁਕਦਾ ਫਿਰੇ 
ਤੇ ਮੈਂ ਤੇਰੇ ਜ਼ਿਕਰ ਦੀ ਖੁਸ਼ਬੂ 

ਹਵਾਵਾਂ ਵਿੱਚ ਘੋਲੀ ਬੈਠੀ 
ਮਹਿਕ ਰਹੀ ਹਾਂ ....
ਤੇਰੀ ਮਰਜੀ ਦੀ ਵੀ ਬਣ ਕੇ 
ਤੇ ਆਪਣੀ ਮਰਜੀ ਦੀ ਵੀ .....

कोई टिप्पणी नहीं:

एक टिप्पणी भेजें