सोमवार, 31 दिसंबर 2012

ਦਾਮਿਨੀ ਨੂੰ ਸਮਰਪਿਤ ਕੁਝ ਹਾਇਕੂ .....
(1)
'ਦ' ਤੋਂ ਦ੍ਰੋਪਦੀ
'ਦ' ਤੋਂ  ਦਾਮਿਨੀ ਅੱਜ
ਲਾਜ ਗਵਾਈ
(2)
ਕੋਈ ਕ੍ਰਿਸ਼ਨ
ਨਾ ਆਇਆ ਮੈਂ ਫਿਰ
ਲਾਜ ਗਵਾਈ
(3)
ਡੋਲੀ ਨਾ ਉਠੀ 
 ਉਠਿਆ ਵੇ ਜਨਾਜਾ
ਲਾਜ ਗਵਾਈ
(4)
ਸ਼ਰਮ ਕਰੋ
ਵੀਰ ਮੇਰਿਓ ਭੈਣਾਂ
ਲਾਜ ਗਵਾਈ
(5)
ਉਠ ਦਾਮਿਨੀ
ਦੱਸ ਭੈਣੇ ਤੂੰ ਕਿਵੇਂ
ਲਾਜ ਗਵਾਈ
(6)
ਚੀਖ-ਚੀਖ  ਹੈ
ਬੋਲੀ ਧਰਤੀ,ਧੀ ਹੈ
ਲਾਜ ਗਵਾਈ
(7)
ਸਾਰੇ ਵਰੇ ਦਾ
ਰੋਣ ਦੇ ਗਈ,ਇੰਜ
ਲਾਜ ਗਵਾਈ
(8)
ਫੜਾ ਰਹੀ ਮੈਂ
ਮਸ਼ਾਲ ਹੰਝੂਆਂ'ਨਾ
ਜੋਤ ਜਗਾਈੰ



सोमवार, 29 अक्तूबर 2012

ਖਾਮੋਸ਼ ਮੁਹੱਬਤ....

 ਕੀ  ਕਿਹਾ ...?
ਹਵਾ ਨੇ ਤੈਨੂੰ ਕਿਹਾ ਹੈ
ਖਾਮੋਸ਼ ਮੁਹੱਬਤ ਕਰ ਲੈ .....?


ਚੰਗਾ ਕੀਤਾ
ਜੇਕਰ ਤੂੰ ਹਵਾ ਦੀ
ਸਲਾਹ ਮੰਨ ਲਈ ....


ਸੱ  ਜਾਣ....
ਕਈ ਵਾਰ ਤੇਰੀਆਂ ਗੱਲਾਂ
ਬੜੀਆਂ ਮਾਸੂਮ ਅਤੇ 

 ਭੋਲੀਆਂ ਹੁੰਦੀਆਂ ਨੇ  
ਜੋ ਅਪਣੇ ਆਪ ਹੱਥ  ਫੜੀ 
ਲੈ ਜਾਂਦੀਆਂ ਨੇ
ਉਹਨਾ ਰਾਹਿਵਾਂ ਵਲਾਂ
ਜਿੱਥੇ ਸਾਰੇ ਦੇ ਸਾਰੇ ਜੁਗਨੂੰ
ਬੱਸ ਮੇਰੇ ਲਈ ਹੀ ਜ਼ਗਮਗਾਂਦੇ ਨੇ
ਅਤੇ ਤੇਰੀ ਖਾਮੋਸ਼ੀ
ਹੈਰਾਨੀ ਨਾਲ
 ਵੇਖਦੀ ਰਹਿੰਦੀ ਹੈ
ਮੇਰੀਆਂ ਅੱਖਾਂ ਵਿਚ ਉਭਰ ਆਈ
ਖਾਮੋਸ਼ ਮੁਹੱਬਤ ਨੂੰ
ਜੋ ਮੇਰੀ ਸਾਹਾਂ ਦੀ
ਬੰਸਰੀ ਵਿਚ
ਝਰਨੇ ਦਾ ਰਾਗ ਬਣ
ਅੱਖਰ -ਅੱਖਰ ਹੋਈ
ਨੰਗੇ ਪੈਰ ਦੌੜ ਪੈਂਦੀ ਹੈ
ਪਹਾੜੀ ਦੀਆਂ ...
ਪਗਡੰਡੀਆਂ ਉੱਤੇ ..


ਅਤੇ ਤੂੰ ...
 ਦੂਰ ..ਖਾਮੋਸ਼  ਖੜਾ
ਸਾਰੀਆਂ ਰੁੱਤਾਂ ਨੂੰ ...
ਚੁਪ ਚਾਪ ਅਪਣੇ ਅੰਦਰ
ਭਰੀ ਜਾ ਰਿਹਾ
ਹੁੰਦਾ ਹੈਂ 
 ਖਾਮੋਸ਼ ਮੁਹੱਬਤ ਬਣ ....!!

शुक्रवार, 5 अक्तूबर 2012

ਹਰਕੀਰਤ 'ਹੀਰ' ਦੇ ਹਾਇਕੂ .................

(੧)

ਵਰੇ ਬੀਤਗੇ
ਡਰੇ ਖੁੱਲਣੋ ਹੁਣ
ਦਿਲ ਦਾ ਬੂਹਾ

(੨)


ਜਾਂਦੀ ਰਾਤ ਦੇ
ਅੰਤਿਮ ਪਹਿਰ 'ਚ
ਰੋਈ ਖਾਮੋਸ਼ੀ ...

(੩)

ਆ ਇਕ ਵਾਰੀ
ਪੈਰਾਂ ਤੇ ਡੋਲ ਦੀਆਂ
ਉਮਰ ਸਾਰੀ ...

(੪)

ਰੁਖੋਂ ਝੜਗੇ 
ਮੁਹੱਬਤਾਂ ਦੇ ਪੱਤੇ
ਜਿਉਵਾਂ ਕਿਵੇਂ ...?

(੫)

ਚਾਨਣੀ ਰਾਤ
ਉਤ੍ਤਰੀ ਗੁਮਸੁਮ
ਝੀਲ ਦੇ ਪਾਣੀ


(੬)

ਟੁਟ ਗਿਆ ਵੇ
ਦਿਲ ਦਾ ਫੁਲਦਾਲ
ਫੁੱਲ ਖਿੜੇ ਨਾ

(੭)

ਯਾਦਾਂ ਲਿਪਟੀ
ਮੁਹੱਬਤਾਂ ਦੀ ਪੀਂਘ 

 ਜਾਏ ਨਾ ਝੁਲੀ

(8)


'ਚੰਦ' ਵਾਹਿਆ
ਤੇਰੇ ਨਾਂ ਦੀ ਥਾਵੇਂ
ਮੇਰਾ ਸੁਨੇਹਾ ...

(9)

ਮੁਈ ਉਦਾਸ
ਅੱਖਾਂ ਨੂੰ ਕਰ ਜਾਂਦੀ
ਹੱਸਦੀ ਹਵਾ
(੧੦)

ਅੱਥਰੂ ਬਣ
ਨਜ਼ਮ ਉਤਰੀ ਹੈ
ਕੰਬਣ ਹੱਥ
(੧੧)

ਲੈ ਆਈ ਹਾਂ
ਜਿਉਂਣ ਜੋਗਾ ਹਾੱਸਾ
ਤੇਰੀ ਗਲਿਓਂ

(੧੨)


ਸਰਦ ਹਵਾ
ਵਿਹੜੇ ਬੈਠੀ ਕੰਬੇ
ਖੂੰਜੇ 'ਚ ਬੇਬੇ

(੧੩ )

ਮੰਜਿਉ ਲਾਹੀ

 ਬੇਬੇ ਅੰਤਿਮ ਸਾਹੀਂ
ਕੰਬਣ ਛੱਤਾਂ 

(੧੪)

ਲੈ ਆਈ ਖੁਸ਼ੀ
ਨਿੱਕੀ ਦੀਆਂ ਫਰਾਕਾਂ
ਹੱਸਣ ਰੱਸੀ....
(੧੫)

ਅਮ੍ਰਿਤ ਵੇਲੇ 

  ਰੱਬਾ ਦਿੱਤੀ ਅਵਾਜ
ਤੇਰਾ ਸਹਾਰਾ ....

शनिवार, 1 सितंबर 2012



ਪਿਆਰ.......

ਜੇਕਰ ਤੂੰ ...
ਪਿਆਰ ਨਹੀਂ ਕਰ ਸਕਦਾ
ਤਾਂ ਪਿਆਰ ਦਾ ਏਹਸਾਸ ਤਾਂ ਕਰ
ਪਿਆਰ ਰੱਬ ਦੇ  ਘਰ  ਦਾ
ਪਹਿਲਾ ਦਰਵਾਜਾ ਹੈ ...


ਵਕਤ ਦੀਆਂ ਲਕੀਰਾਂ .....

ਬਹੁਤ ਪਹਿਲਾਂ  ...
ਮੈਂ ਚੂਰੀ ਵੀ ਕੁੱਟੀ  ਸੀ
ਤੇ ਬੂਹਾ ਖੋਲ ਉਡੀਕਿਆ ਵੀ ਸੀ
ਉਦੋਂ ਕਿਸੇ ਵੰਝਲੀ ਨਾ ਵਜਾਈ
ਕਿਸੇ ਨਜ਼ਮ ਨਾ ਗਾਈ
ਹੋਲੀ -ਹੋਲੀ  ਚਨਾਬ ਦਾ ਪਾਣੀ ਵਧਦਾ ਗਿਆ
ਮੈਂ ਹੀਰ ਤੋਂ ਹਕ਼ੀਰ ਹੋ ਗਈ ....

ਵਰਿਆਂ ਬਾਹਿਦ ਕੀਤੇ ਤੈਨੂੰ 
ਵੰਝਰੀ ਵਜਾਉਂਦੇ ਸੁਣਿਆ
ਮੈਂ ਦਿਲ ਦਾ ਬੂਹਾ ਖੋਲ ਦਿੱਤਾ
ਕਈ ਸਾਰਿਆ ਨਜ਼ਮਾਂ ਤੇਰੇ ਨਾਂ ਕਰ ਦਿੱਤੀਆਂ
ਤੂੰ ਵੀ ਕੈਨਵਸ ਤੇ ਰੰਗਾਂ ਨਾਲ ਮੇਰਾ ਨਾਂ ਲਿਖਿਆ
ਪਰ ਉਮਰਾਂ ਦੇ ਟੁਟਦੇ ਟਾਂਕੇ ਮੈਂ ਜੋੜ ਨਾ ਸਕੀ
ਚਨਾਬ ਦਾ ਪਾਣੀ ਵਧਦਾ ਰਿਹਾ ....

ਇਕ ਦਿਨ ਮੈਂ ਵਕਤ ਦਾ ਹੱਥ ਫੜ ਪੁਛਿਆ
ਜਦੋਂ ਤੂੰ ਸਬ੍ਕੁਝ ਦਿੱਤਾ , ਵਕਤ ਕਿਓਂ  ਨਾ ਦਿੱਤਾ ..?
ਰੋਕ ਲੈ ਇਸ ਵਧਦੇ ਪਾਣੀ ਨੂੰ
ਮੈਂ ਡੁੱਬਣਾ ਨਹੀਂ ਚਾਹੁੰਦੀ ...
ਉਹ ਹੱਸ ਪਿਆ ਬੋਲਿਆ ....
ਵਕਤ ਦੀਆਂ ਲਕੀਰਾਂ ਤੇਰੇ ਹੱਥਾਂ ਉੱਤੇ ਨਹੀਂ .....

ਮੈਂ ਵੇਖਿਆ ਦੁਰ ਕੋਈ ਕਬਰ ਉੱਤੇ  ਬੈਠਾ
ਵੰਝਰੀ ਵਜਾ ਰਿਹਾ ਸੀ ........




ਅੱਗ ਦੇ ਨਵੇਂ  ਅਰਥ ....


ਮੈਂ ਫਿਰ ਲਵਾਂਗੀ ਜਨਮ
ਅੱਗ ਦੇ ਨਵੇਂ ਅਰਥ ਲੈ ਕੇ
ਇਸ ਤਪਦੇ ਸੂਰਜ ਨੂੰ ਦਸਣ ਲਈ
ਅੱਗ ਦਾ ਅਰਥ ਸਿਰਫ
ਚੁੱਲੇ ਉੱਤੇ ਰੋਟੀਆਂ ਪ੍ਕਾਣਾ ਨਹੀਂ
ਅੱਗ ਦਾ ਮਤਲਬ ...
ਤਲਖ ਨਜ਼ਰਾਂ ਨੂੰ ਜ੍ਲਾਣਾ ਵੀ ਹੈ

ਮੈਂ ਫਿਰ ਲਵਾਂਗੀ ਜਨਮ ...
ਸੀਨੇ ਵਿਚ ਬਲਦੀ ਅੱਗ ਨਾਲ
ਲਿਖਾਂਗੀ ਨਜ਼ਮ
ਮਾਂ  ਦੇ ਅਥਰੂਆਂ ਨੂੰ ਹਾਸਿਆਂ 'ਚ ਬਦਲਣ ਲਈ
ਬੀਜੀ ਦੇ ਪਿਠ ਤੇ ਪਏ ਨਿਸ਼ਾਨਾ ਨੂੰ
ਅੱਗ ਨਾਲ  ਲੜਨਾ ਸਿਖਾਵਾਂਗੀ ...

ਮੈਂ ਫਿਰ ਲਵਾਂਗੀ ਜਨਮ ...
ਇਸ ਨਪੁੰਸਕ ਸਮਾਜ ਦੇ ਕੁੰਡੇ ਖੜਕਾਉਣ
ਔਰਤ ਦੇ ਹਉਕਿਆਂ ਅਤੇ ਉਸਦੀਆਂ ਲਿਖੀਆਂ
ਇਬਾਰਤਾਂ ਨੂੰ ਨਵਾਂ ਅਰਥ ਦੇਣ
ਮੇਰੇ ਸ਼ਬਦਕੋਸ਼ ਵਿਚ ਅੱਗ ਦੇ ਹੋਰ ਵੀ ਅਰਥ ਨੇ
ਮੇਰੀ ਅੱਗ ਰਾਖ ਹੋਕੇ ਵੀ ਧਧਕਦੀ  ਹੈ
ਉਹ ਸਿਰਫ ਔਰਤ ਦੇ ਕਪੜਿਆਂ ਨੂੰ ਨਹੀਂ ਲਗਦੀ 
ਪਿੰਡ  ਦੇ ਪਿੰਡ ਸਾੜ  ਦਿੰਦੀ  ਹੈ
ਅਸਮਾਨ  ਤੋਂ ਡਿਗਦੀ  ਹੈ ਗਾਜ਼  ਬਣਕੇ 
ਉਹਨਾ  ਹੱਥਾਂ  ਉੱਤੇ ...
ਜੋ ਜਮਣ ਤੋਂ ਪਹਿਲਾਂ ਹੀ ਕਤਲ ਦੇ
ਗੁਨਾਹਗਾਰ ਹੁੰਦੇ ਨੇ ....

ਮੈਂ ਫਿਰ ਜਨਮ ਲਵਾਂਗੀ
ਅੱਗ ਦੀ  ਧੀ ਬਣ ਕੇ
ਆਪਣੇ ਪੰਖਾਂ ਦੀ ਉਡਾਰੀ ਨਾਲ
ਕਰਾਂਗੀ ਸੂਰਜ ਨਾਲ ਮੁਕਾਬਲਾ
ਸੁਨਿਹਰੇ  ਅੱਖਰਾਂ ਨਾਲ ਲਿਖਾਂਗੀ
ਅਸਮਾਨ ਉੱਤੇ ਅੱਗ ਦੇ ਨਵੇਂ ਅਰਥ

ਹਾਂ ਮੈਂ ਫਿਰ ਜਨਮ ਲਵਾਂਗੀ ....
ਅੱਗ ਦੇ ਨਵੇਂ ਅਰਥ ਲੈ ਕੇ ....!!

(1)


ਤਲਾਸ਼ ਰਿਸ਼ਤੇ ਦੀ .....

ਪਤਾ ਨਹੀਂ ਕਿਤਨੇ ਰਿਸ਼ਤੇ
ਬਿਖਰੇ ਪਏ ਨੇ ਮੇਰੀ ਦੇਹ ਵਿਚ
ਫਿਰ ਵੀ ਤਲਾਸ਼ ਜਾਰੀ ਹੈ
ਇਕ ਇਹੋ ਜਿਹੇ  ਰਿਸ਼ਤੇ ਦੀ
ਜੋ ਲਾਪਤਾ ਹੈ ਉਸ ਦਿਨ ਤੋਂ
ਜਿਸ ਦਿਨ ਤੋਂ ਤੂੰ ਬੰਨ ਦਿੱਤੀ ਸੀ ਡੋਰ
ਇਕ ਨਵੇਂ ਰਿਸ਼ਤੇ ਦੇ ਨਾਲ
ਤੇ ਮੈਂ ਵਿਛੜ ਗਈ..
ਆਪਣੇ ਰੂਹ ਨਾਲ ਜੁੜੇ
ਉਸ   ਰਿਸ਼ਤੇ ਤੋਂ ..
ਜ਼ਖਮਾਂ ਦੀ ਤਾਬ ਝੇਲਦੀ 
ਅਜੇ ਤੀਕ ਮੈਂ ਜਿੰਦਾ ਹਾਂ
ਉਸ ਰਿਸ਼ਤੇ ਦੀ ਤਲਾਸ਼ ਵਿਚ ....

(2)

ਚੀਥੜੇ ...

ਕਿਤਨੇ ਹੀ ਟੁਕੜੇ ਨੇ ਕਾਗਚਾਂ ਦੇ
ਤੇ ਕੋਈ ਅਧੂਰੀ ਜੇਹੀ ਨਜ਼ਮ ਜ਼ਿਸਮ ਅੰਦਰ
ਕਿਤਨੀਆਂ ਹੀ ਕਤਰਨਾ ਨੇ ਅੰਗਾ ਦੀਆਂ
ਕਿਸੇ ਵਿਚ ਸਿੰਦੂਰ ਹੈ ...
ਕਿਸੇ ਵਿਚ ਚੂੜੀਆਂ
ਤੇ ਕਿਸੇ ਵਿਚ ਬਿਛੂਏ ...
ਇਹਨਾ ਦਾ ਦਾਹ-ਸੰਸਕਾਰ ਨਹੀਂ ਹੋਇਆ ਅਜੇ
ਮਰ ਤੇ ਇਹ ਓਦਣ ਹੀ ਗਏ ਸੀ
ਜਿਦਣ  ਤੂੰ ਜਿਲਤ ਨੂੰ ਲਾਹ
 ਚਿਥੜੇ - ਚਿਥੜੇ ਕੀਤਾ ਸੀ .....

(3)

ਮੁਹੱਬਤ ....

ਦੇਹ ਤੋਂ ਪਰੇ ਵੀ
ਮੁਹੱਬਤ ਹੁੰਦੀ ਹੈ ....
ਜੋ ਕਦੇ ਪਰੀਖਿਆ ਨਹੀਂ ਲੈਂਦੀ
ਇਕ ਪਲ ਦੀ ਹੀ ਸਹੀ
ਜਿਉਂਦੀ ਰਹਿੰਦੀ ਹੈ ਨਾਲ
ਵਰਿਆਂ  ਤੀਕ ....
ਘੁਟ ਕੇ ਫੜੀ ਹੱਥ ....!!

(4)

ਤਹਿਖਾਨਿਆਂ  ਤੀਕ ....

ਕੋਈ ਠੰਡੀ ਹਵਾ ਦਾ ਬੁੱਲਾ
ਅੱਧੀ ਰਾਤੀਂ ਮੇਰੇ ਲਹੁ ਵਿਚ
ਅੱਖਰ -ਅੱਖਰ ਹੋ ....
ਲਿਖ ਜਾਂਦਾ ਹੈ ਕਿਤਾਬ
ਕਦੇ ਤਾਂ ਆ...
 ਦਿਲ ਦੇ ਤਹਿਖਾਨਿਆਂ  ਤੀਕ
ਜਿਸਦੀਆਂ ਟੁਟੀਆਂ  ਸਤਰਾਂ ਜੋੜ
ਕੋਈ ਨਜ਼ਮ ਬਣਾ ਸਕੀਏ ....

शुक्रवार, 24 अगस्त 2012

ਚੂੜੀਆਂ ਉੱਤੇ ਠਹਰੀ ਬੂੰਦ...


ਦਿਨ ਚੜਣ ਦੇ  ਨਾਲ-ਨਾਲ
ਉਠ ਆਂਦੇ  ਨੇ ਕਈ ਖਿਆਲ
 ਖਬਰੇ ਮਿਲ ਜਾਏ ਕੁਝ ਲਫਜ਼
ਕੁਝ ਅੱਖਰ ਕਿਤੇ ਮੁਹੱਬਤ ਦੇ
ਜੋ ਬਣਾ ਲੈਣ ਘਰ
 ਨਜ਼ਮਾਂ ਦੇ ਨਾਲ ਸਫਿਆਂ  ਉੱਤੇ ਵੀ
ਖਿਚ ਕੇ  ਕੱਡ ਲੈਣ 
ਪੁਠੀਆਂ ਪਈਆਂ ਆਵਾਜ਼ਾਂ ਨੂੰ
ਖੁਸ਼ਕ ਰਾਤਾਂ ਦੇ ਲਬਾਂ ਉੱਤੇ
ਰੱਖ  ਦੇਣ ਕੋਈ ਸਮੰਦਰ
ਨਬ੍ਜ਼ ਰੁਕਦੀ ਹੈ ...
ਸੀਨੇ ਦਰ ਸੀਨੇ ...
ਮੇਜ ਉੱਤੇ ਪਈ ਕਿਤਾਬ ਦੇ ਪੰਨੇ
ਫੜਫੜਾਂਦੇ ਨੇ ....
ਥਕੇ ਹੋਏ  ਖਿਆਲ ਹੋਲੀ ਜੇਹੀ
ਸੂਟ ਦਿੰਦੇ ਨੇ 
ਚੂੜੀਆਂ ਉੱਤੇ ਠਹਰੀ
 ਬੂੰਦ ਨੂੰ  .....!!

बुधवार, 22 अगस्त 2012

ਹਾਇਕੂ ਵਿਚ ਕੁਝ ਅੱਖਰ ....

ਲੰਬੀ ਜਾਪਦੀ
ਰਾਂਝਿਆ ਵੇ ਵਾਪਸੀ
ਕਦ ਹੋਵੇਗੀ ....?

(੨)

ਪੰਛੀ ਪ੍ਰੀਤ ਦਾ
ਉਡ ਗਿਆ ਵੇ ਕਿਤੇ
ਨਾਲ ਹਵਾਵਾਂ ....

(੩)
ਵਿਛੜੇ ਮੇਲੇ
ਜ਼ਿੰਦਗੀ ਦੇ ਵੇਹੜੇ
ਲੁਕਣ ਮੀਚੀ

(੪)
ਸਾਰੀ ਉਮਰੇ
ਰੁੱਖ ਦੋ  ਲਫਜਾਂ ਦੇ
 ਖਿੜੇ ਨਾ ਰੱਬਾ

(੫)
ਧਰਮ ਉਹ
ਪਹਿਨ ਕੇ ਜਿਸ ਨੂੰ
ਬਣੇ ਤੂੰ ਬੰਦਾ

(੬)

ਤੇਰੀ ਮਹਿਕ
ਹੋ ਅੱਖਰ ਅੱਖਰ
 ਬਣੀ ਨਜ਼ਮ

(੭)
ਵਗਦੇ ਪਾਣੀ
ਪੁਛਿਆ,ਹੈ ਵਜੂਦ
ਖੜੇ ਪਾਣੀ ਦਾ..?

(੮)
ਰੱਖੀ ਗਰੰਥਾਂ
ਤਹਿਜੀਬ ਸਾਂਭ ਕੇ
ਆਪਣੇ'ਚ  ਨਾ

(੯)
ਰੱਬ ਵਰਗੀ
 ਉਡੀਕ ਵੇ ਰਾਂਝਿਆ
ਆਖਿਰੀ ਵੇਲੇ

(੧੦)
ਬੰਦ ਹੋ ਗਈ
ਉਮਰਾਂ ਦੀ ਖਿੜਕੀ
ਤੂੰ ਨਾ ਆਇਆ 

मंगलवार, 14 अगस्त 2012





ਕੀਮਤ...


 ਸੋਚਦੀ ਹਾਂ 
ਤੇਰਿਆ ਭੇਜਿਆ
ਇਹਨਾ ਕਿਤਾਬਾਂ ਦੀ
 ਕੀਮਤ ਚੁਕਾ ਦੀਆਂ  ...
ਪਰ ਤੇਰੇ ਇਹ ਖ਼ਤ .....
ਹੱਥ ਫੜ ਲੈਂਦੇ  ਨੇ
ਹੀਰ ਤੂੰ ਇਹਨਾ ਕਿਤਾਬਾਂ ਦੀ
ਕੀਮਤ ਤੇ ਚੁਕਾ  ਦਿਆਂਗੀ
ਪਰ ਓਸ ਵੇਲੇ ਦੀ ਕੀਮਤ...?
ਓਹ ਕਿਵੇਂ ਚੁਕਾਓੰਗੀ ....
ਜੋ ਓਸਨੇ ਅਪਣੇ ਸਾਰੇ ਕੰਮ ਛੱਡ
 ਤੇਰੇ ਵਾਸਤੇ ਕਿਤਾਬਾਂ ਲੱਬਣ
ਤੇ ਭੇਜਣ ਲਈ ਗੁਜਾਰੇ ਸਨ ...
ਤੇ ਓਸ ਮੁਹੱਬਤ ਦੀ ਕੀਮਤ ...?
ਜੋ ਉਸਦੇ ਵਾਸਤੇ 

ਤੇਰੀਆਂ ਨਜ਼ਮਾਂ ਵਿਚ
ਸਾਹ ਲੈਣ ਲਗ ਪਈ ਹੈ ....?

रविवार, 12 अगस्त 2012

ਤੇਰੇ ਭੇਜੇ ਅੱਖਰ.....

ਤੂੰ ਤੇ ਗੈਰ ਸੀ
ਤੈਥੋਂ ਤਾਂ ਮੈਂ ਮੰਗੇ ਵੀ ਨ ਸੀ
ਤੇ ਤੂੰ ਭੇਜ ਦਿੱਤੇ ਸੀ
ਮੇਰੀ ਲੋੜ ਦੇ ਸਾਰੇ ਅੱਖਰ ...

ਉਹ  ਜੋ ਮੇਰੇ ਅਪਣੇ ਸੀ
 ਉਹਨਾ ਵਲਾਂ ਮੈਂ
ਸਾਰੀ ਉਮਰ ਤਕਦੀ ਰਹੀ
ਪਰ  ਵਕ਼ਤ ਨੇ ਕੋਈ ਅੱਖਰ
 ਝੋਲੀ ਨਾ ਪਾਇਆ ...


ਅੱਜ ਤੇਰੇ ਭੇਜੇ ਅੱਖਰ ਵੀ
ਉਹ ਲੁਟ ਕੇ ਲੈ ਗਏ
......

मंगलवार, 7 अगस्त 2012


ਬੂਹਾ ...

ਸੁਣ....
ਤੂੰ ਆਪਣਾ ਬੂਹਾ
ਬੰਦ ਕਰ ਲੈ..
ਹੁਣ ਮੇਰੀ ਪਹੁੰਚ
ਤੇਰੇ ਬੂਹੇ ਤੀਕ ਨਹੀਂ
ਰੱਬ ਦੇ ਬੂਹੇ ਤੀਕ ਹੈ .....




੩੧ ਅਗਸਤ .....

ਇਸ ਦਿਨ
ਕਈ ਵਰਾਂ ...
ਫੋਨ ਦੀ ਘੰਟੀ ਵੱਜਦੀ ਹੈ
'ਜਨਮਦਿਨ ਮੁਬਾਰਕ'
ਮੈਂ ਭਿਜ ਜਾਂਦੀ ਹਾਂ ਧੁਰ ਤੀਕ
ਕਿਨੀਆਂ ਹੀ ਕਣੀਆਂ ਆਕਾਸ਼ ਤੋਂ
ਉੱਤਰ ਆਂਦੀਆਂ ਨੇ
ਹਥੇਲੀ ਉੱਤੇ ....
ਮੈਂ ਚੀਖਣਾ ਚਾਹੰਦੀ  ਹਾਂ
ਨਹੀਂ..! ਅੱਜ ਮੇਰਾ ਜਨਮਦਿਨ ਨਹੀਂ
ਪਰ ਲਾਪਤਾ ਹੋ ਜਾਂਦੇ ਨੇ ਸ਼ਬਦ
ਤੇ ਮੈਂ ਸ਼ਬਦਾਂ ਨੂੰ ਤਲਾਸ਼ਦੀ
ਕਬਰਾਂ ਉੱਤੇ ਜਾ ਬਹਿੰਦੀ ਹਾਂ
ਜਿਹੜੇ  ਜਾਂਦੇ ਵੇਲੇ  ਮੁਹੱਬਤ

 ਦੱਬ ਗਈ ਸੀ
ਮਿੱਟੀ ਅੰਦਰ .....

ਜਨਮਦਿਨ ...


ਤੈਨੂੰ ਪਤਾ ....?

ਮੈਂ ਅਪਣਾ ਜਨਮਦਿਨ
ਕਦੇ ਨਹੀਂ ਮਨਾਦੀ
ਮਾਂ ਨੇ ਤਾਂ ਜੰਮਿਆ
ਸੀ ਮੈਨੂੰ
ਪਰ ਮੁਹੱਬਤ ....
ਕਦੇ ਨਾ ਜੰਮ ਸਕੀ .....

ਖ਼ਤ ....

ਮੈਨੂ ਪਤਾ ਹੈ

ਇਹ ਮੁਹੱਬਤ ਨਾਲ ਭਰੇ ਖ਼ਤ
ਤੂੰ ਮੈਨੂੰ ਏਵੇਂ ਪਰਚਾਣ ਲਈ ਲਿਖੇ ਨੇ
ਕਿਓਂਕਿ  ਤੂੰ ਜਾਣਦਾ ਹੈਂ
'ਦਰਦ ਦੀ ਮਹਿਕ' ...

ਕਿਤਾਬ ਦੇ
ਆਖਿਰੀ ਵਰਕਿਆਂ ਵਿਚੋਂ ਹੀ

ਆਂਦੀ ਹੈ .....
ਮੋਈ  ਮੁਹੱਬਤ.....

ਮੈਂ ਕਦੇ ...

ਸ਼ੀਸ਼ੇ ਮੋਹਰੇ ਨਹੀਂ ਖਲੋਂਦੀ
ਓਥੇ ਕਦੇ ਹੀਰ ਦਿਸਦੀ  ਹੀ ਨਹੀਂ
ਓਥੇ ਤੇ ਹ੍ਕ਼ੀਰ ਦਿਸਦੀ ਹੈ
ਤੂੰ ਮੈਨੂ ਹੀਰ ਬਣਾ ਤੇ ਦਿੱਤਾ
ਪਰ ਮੈਂ ਆਪਣੇ ਅੰਦਰ ਦੀ
ਮੋਈ  ਮੁਹੱਬਤ ਨੂੰ
ਜਗਾ ਨਾ ਸਕੀ .....


शनिवार, 4 अगस्त 2012

ਦਰਦ ਦੀ  ਮਹਿਕ  .. 

ਦਰਦ ਦੀ  ਮਹਿਕ  ..
 ਏਵੇਂ ਹੀ ਮਹਸੂਸ ਨਹੀਂ ਹੁੰਦੀ
ਜ਼ਿੰਦਗੀ ਪਰ ਚਲਣਾ ਪੈਂਦਾ ਹੈ
ਫ਼ਾਸ੍ਲੀਆਂ ਦੇ ਨਾਲ
ਦਰਾਰਾਂ ਨੂੰ ਭਰਨਾ ਪੈਂਦਾ ਹੈ
ਰਿਸਦੇ ਜ਼ਖਮਾਂ ਦੇ ਲਹੂ ਨਾਲ
ਜੁਬਾਨ ਤੇ ਲਾਣੇ ਪੈਂਦੇ ਨੇ ਟਾਂਕੇ
ਜਦੋਂ ਅੱਖਾਂ ਦੇ ਅਥਰੂ ਦਰਦ ਵੇਖ
ਟਾਹਾਂ ਨਹੀਂ ਮਾਰਦੇ 
ਫੇਰ ਉਠਦੀ ਹੈ
ਦਰਦ ਚੋਂ ਮਹਿਕ ....!!

गुरुवार, 2 अगस्त 2012

ਮੰਗਣਾ ....

''ਕਿਸੇ ਤੋਂ ਵੀ
ਮੰਗਣਾ
ਰੱਬ ਤੋਂ ਵੀ ....
ਆਦਰ ਨਹੀਂ ਦਿੰਦਾ ...''
ਤੈਨੂੰ ਯਾਦ  ਹੈ ..?
ਮੈਂ ਤੈਥੋਂ ਮੰਗ ਲਏ ਸੀ 

ਇਕ ਦਿਨ
ਕਈ ਸਾਰੇ ਰੰਗ ...
ਆਪਣੀਆਂ  ਨਜ਼ਮਾਂ ਨੂੰ
ਹੋਰ ਖੂਬਸੂਰਤ ਬਣਾਨ ਲਈ....?
ਤੇ ਤੂੰ ਬਦਲੇ ਵਿਚ

 ਮੰਗ ਲਈ ਸੀ ਉਸਦੀ ਕੀਮਤ
ਸਚ ਕਹਾਂ ਉਸ ਦਿਨ ਮੈਂ

 ਪਾਪ ਦੀ ਭਾਗੀਦਾਰ ਹੋਣ ਤੋਂ
ਬਚ ਗਈ  ਸਾਂ .....

ਕਿਓੰਕੇ ਤੇਰਾ ਅਨਾਦਰ ਤੇ
ਮੇਰੇ ਲਈ 
ਰੱਬ ਦਾ ਅਨਾਦਰ ਹੈ .....
ਨਜ਼ਮ  .....

ਪਤਾ ਹੈ 

ਮੈਂ ਖ਼ਤ ਨਹੀਂ ਹਾਂ 


ਖ਼ਤ ਹੁੰਦੀ ਤੇ ਕੋਈ ਪੜਦਾ 


ਕੋਈ ਸਹੇਜ ਕੇ ਰਖਦਾ ...


ਮੈਂ ਤੇ ਨਜ਼ਮ ਹਾਂ 


ਜਿਸਨੂੰ  ਹਰ ਕੋਈ ਪੜਦਾ ਤੇ ਹੈ 


ਪਰ ਕੋਈ ਸਹੇਜਦਾ ਨਹੀਂ .....

बुधवार, 1 अगस्त 2012

ਔਖਾ  ਅੱਖਰ ....

ਮੈਂਨੂੰ ਪਤਾ ਹੈ 


ਮੈਂ ਤੈਥੋਂ ਮੰਗ ਲਿਆ ਸੀ 


ਮੁਹੱਬਤ ਦਾ ਬੜਾ ਔਖਾ
ਅੱਖਰ


ਭਰ ਤੂੰ ਚਿੰਤਾ ਨਾ ਕਰ 

ਵੇਖ ਮੇਰੀਆਂ
ਇਹਿਨਾ ਖਾਲੀ
ਅੱਖਾਂ ਵਿਚ 

ਉਮ੍ਮੀਦ ਦੀ ਕੋਈ ਆਸ ਨਹੀਂ ....
ਤੂੰ ਤੇ  ਮੈਂ ...

ਤੂੰ ਤੇ ...
ਕਈ ਵਰਾਂ ਮੇਰਾ ਹੱਥ 
ਫੜਿਆ
ਬੁਲਾਆ 
ਵੀ
ਮੈਂ ਹੀ  ਹਵਾਵਾਂ  ਨਾਲ 
ਮੁਕਾਬਲਾ ਨਾ ਕਰ ਸਕੀ
ਓਹ ਮੇਰਾ ਘਰ ਵੀ ਉਜਾੜ  ਗਈਆਂ 
ਤੇ ਤੇਰਾ  ਵੀ ......!!


                 
                    ਹੀਰ ...... 

(੧)

ਈਦ -੧

ਮੈਂ ਜਦੋਂ 'ਹ੍ਕ਼ੀਰ' ਸੀ
ਉਸਦੇ ਰੋਜ਼ੇ ਹੀ ਰੋਜ਼ੇ ਸੀ
ਮੈਂ ਜਦੋਂ 'ਹੀਰ' ਹੋਈ
ਉਸਦੀ ਈਦ ਹੋ ਗਈ .....


(੨)

ਈਦ-੨

ਜਦੋਂ ਮੁਹੱਬਤ ਦਾ
ਚੰਦ ਚੜਿਆ 
ਕਈ ਸਾਰੀਆਂ ਨਜ਼ਮਾਂ
ਕਾਗਚਾਂ  ਉੱਤੇ ਉਤਰ
ਆਈਆਂ
ਉਸਦੇ ਖਿਆਲਾਂ ਦੀ ਵੀ
ਤੇ ਮੇਰੇ ਖਿਆਲਾਂ ਦੀ ਵੀ
ਈਦ ਹੋ ਗਈ .....

शनिवार, 7 जुलाई 2012

ਤੇਰੇ ਤੇ ਮੇਰੇ ਕੋਲ ......

ਤੇਰੇ ਕੋਲ ...
ਉਸ ਨਾਲ ਬਿਤਾਏ ਹੋਏ
ਉਮਰ ਭਰ ਦੇ ਸੁਨਹਰੇ ਪਲ ਸੀ
ਤੇ  ਮੇਰੇ ਕੋਲ .....
ਤੇਰੇ ਨਾਲ ਬਿਤਾਏ ਹੋਏ
ਬਸ ਕੁਝ'ਕ ਘੜੀ ਦੇ  ਪਲ ....
ਮੇਰੀ ਨਜ਼ਮਾਂ  ਮੁੜ-ਮੁੜ
ਪਰਤ ਆਂਦੀਆਂ ਨੇ
ਉਹਨਾ ਰੁਖਾਂ  ਵਲਾਂ
ਜਿਹੜੇ ਮੁਹੱਬਤ ਦੀ ਉਡੀਕ ਵਿਚ
ਪੱਥਰ  ਹੋ ਗਏ ਹਨ .......
                      ਹੀਰ ..................

बुधवार, 13 जून 2012






ਹਰਕੀਰਤ 'ਹੀਰ' ਨੂੰ ਓਹਨਾ ਦੇ ਕਾਵਯ ਸੰਗ੍ਰਹ ; ਦਰਦ ਕੀ ਮਹਕ '' i ਲਈ ਮਿਲਿਆ   ਸਮਮਾਨ .....