26 ਜਨਵਰੀ ਇਮਰੋਜ਼ ਦੇ ਜਨਮਦਿਨ ਤੇ ਇਕ ਨਜ਼ਮ .....
ਇਕ ਆਜ਼ਾਦੀ ਵਾਲੇ ਦਿਨ
ਮਾਂ ਨੇ ਰੰਗਾ ਦੀ ਕਲਮ ਫੜਾ
ਉਤਾਰ ਦਿੱਤਾ ਸੀ ਉਸਨੂੰ ਧਰਤੀ ਉੱਤੇ
ਤੇ ਉਹ ਕਲਮ ਫੜੀ ਜ਼ਿੰਦਗੀ ਭਰ
ਭਰਦਾ ਰਿਹਾ
ਹੋਰਨਾ ਦੀ ਤਕਦੀਰਾਂ 'ਚ
ਰੋਸ਼ਨੀਆਂ ਦੇ ਰੰਗ ....
ਕਦੇ ਮੁਹੱਬਤ ਬਣ
ਕਦੇ ਨਜ਼ਮ ਬਣ
ਤੇ ਕਦੇ ਰਾਂਝਾ ਬਣ ....
ਇਕ ਦਿਨ ਮਿੱਟੀ ਨੇ ਸਾਹ ਭਰੇ
ਤੇ ਖਿਲਰੇ ਪਏ ਰਿਸ਼ਤਿਆਂ ਉੱਤੇ
ਲਿਖ ਲਏ ਤੇਰੇ ਨਾਂ ਦੇ ਅੱਖਰ
ਤੇ ਅਮ੍ਰਿਤਾ ਬਣ ਜਿੰਦਾ ਹੋ ਗਈ ..
ਪੀਲੇ ਫੁੱਲ ਕਦੇ ਸੁਰਖ ਹੋ ਜਾਂਦੇ
ਤੇ ਕਦੇ ਗੁਲਾਬੀ.....
ਧਰਤੀ ਫੁੱਲਾਂ ਨਾਲ ਭਰ ਗਈ
ਪੀਂਘਾਂ ਸਤਰੰਗੀ ਹੋ
ਝੂਲਨ ਲਗ ਪਇਆਂ ...
ਦੱਸ ਉਹ ਕਿਹੜੀ ਧਰਤੀ ਹੈ
ਜਿੱਥੇ ਤੂੰ ਮਿਲਦਾ ਹੈਂ
ਮੈਂ ਵੀ ਆਪਣੇ ਜਖਮਾਂ ਵਿਚ
ਭਰਨਾ ਚਹੁੰਦੀ ਹਾਂ ਤੇਰੇ ਰੰਗ
ਉਨਾਂ ਖੂਬਸੂਰਤ ਪਲਾਂ ਨੂੰ
ਹੱਥਾ ਦੀਆਂ ਲਕੀਰਾਂ ਉੱਤੇ ਵਾਹ
ਟੁਟਦੇ ਸਾਹਾਂ ਨੂੰ..
ਤਰਤੀਬ ਦੇਣਾ ਚਹੁੰਦੀ ਹਾਂ
ਅੱਜ ਮੈਂ ਵੀ ਰੰਗਨਾ ਚਹੁੰਦੀ ਹੈ
ਵਰਿਆਂ ਤੋਂ ਬੰਦ ਪਏ
ਦਿਲ ਦੇ ਕਮਰਿਆਂ ਨੂੰ
ਮੁਹੱਬਤ ਦੇ ਰੰਗਾ ਦੇ ਨਾਲ
ਇਮਰੋਜ਼ ....
ਕੀ ਤੂੰ ਮੈਨੂੰ ਅੱਜ ਦੇ ਦਿਨ
ਕੁਝ ਰੰਗ ਉਧਾਰੇ ਦਏੰਗਾ ...?
ਹਰਕੀਰਤ 'ਹੀਰ'
(2)
ਇਕ ਦਿਨ
ਇਕ ਕੁਖ ਨੇ ਤੈਨੂੰ
ਰੰਗ ਹੱਥ 'ਚ ਫੜਾ
ਅਸਮਾਨ ਅੱਗੇ ਕਰ ਦਿੱਤਾ
ਪਰ ਤੂੰ ਸਿਰਫ
ਇਕ ਬੁਤ ਉੱਤੇ ਰੰਗ ਫੇਰਿਆ
ਤੇ ਅਪਣੀ ਮੁਹੱਬਤ ਦੇ ਸਾਰੇ ਅੱਖਰ
ਉਸ ਵਿਚ ਬੋ ਦਿੱਤੇ ..
ਤਲਖ ਮੌਸਮਾਂ ਨੂੰ
ਰਾਸਤਾ ਲਭ ਗਿਆ
ਜਖਮਾਂ ਦੇ ਪੁੱਲ
ਉਮਰ ਪਾਰ ਕਰ ਗਏ
ਉਸਦੇ ਹੱਥ ਬਲਦੀ ਅੱਗ ਸੀ
ਤੇ ਤੇਰੇ ਹੱਥ ਮੁਹੱਬਤ ਦਾ ਪਾਣੀ
ਉਹ ਨਜ਼ਮਾਂ ਨਾਲ ਸਿਗਰੇਟਾਂ ਦੀ ਰਾਖ ਝਾੜਦੀ
ਤੂੰ ਮੁਹੱਬਤਾਂ ਦੀ ਮੰਜੀ ਉੱਤੇ ਬੈਠਾ
ਜ਼ਿੰਦਗੀ ਦੇ ਕੈਨਵਸ 'ਚ ਰੰਗ ਭਰਦਾ
ਉਹ ਮਾਝਾ ਸੀ
ਤੇਰੇ ਖਵਾਬਾਂ ਦੀ ਮਾਝਾ *....
ਇਕ ਵਰਾਂ
ਮਾਂ ਨੇ ਤੈਨੂੰ ਜੰਮਿਆ ਸੀ
ਤੇ ਇਕ ਵਾਰੀ
ਮਾਝਾ ਨੇ ਤੈਨੂੰ ਜੰਮਿਆ...
ਪਤਾ ਨਹੀਂ ਕਯੋਂ ਇਮਰੋਜ਼
ਸੋਚਦੀ ਹਾਂ ...
ਜੇਕਰ ਤੂੰ ਇਕ ਵਾਰੀ
ਮੇਰੀਆਂ ਨਜ਼ਮਾਂ ਦੀ ਰਾਖ਼ ਉੱਤੇ
ਰੰਗ ਫੇਰ ਦਿੰਦਾ
ਤੇ ਉਹਨਾ ਵਿਚ ਦੀ ਮਰੀ ਮੁਹੱਬਤ
ਮੁੜ ਸਾਹ ਲੈਣ ਲੱਗ ਪੈਂਦੀ .....
ਯਕੀਨ ਜਾਣ
ਮੈਂ ਤੇਰੇ ਰੰਗਾਂ ਨੂੰ ਕਿਸੇ ਤਪਦੀ ਅੱਗ ਦਾ
ਸਪਰਸ਼ ਨਹੀਂ ਹੋਣ ਦਿਆਂਗੀ
ਬਸ ਇਹਨਾ ਠੰਡੇ ਤੇ ਜ਼ਰਦ ਹੋਏ ਹੱਥਾਂ ਨਾਲ
ਉਸਨੂੰ ਛੂਹ ਕੇ
ਹੀਰ ਹੋਣਾ ਚਾਹੁੰਦੀ ਹਾਂ ....
ਮਾਝਾ *-ਇਮਰੋਜ਼ ਅਮ੍ਰਿਤਾ ਨੂੰ ਮਾਝਾ ਸੱਦਦੇ ਸੀ