ਵਕਤ ਦੀਆਂ ਲਕੀਰਾਂ .....
ਬਹੁਤ ਪਹਿਲਾਂ ...
ਮੈਂ ਚੂਰੀ ਵੀ ਕੁੱਟੀ ਸੀ
ਤੇ ਬੂਹਾ ਖੋਲ ਉਡੀਕਿਆ ਵੀ ਸੀ
ਉਦੋਂ ਕਿਸੇ ਵੰਝਲੀ ਨਾ ਵਜਾਈ
ਕਿਸੇ ਨਜ਼ਮ ਨਾ ਗਾਈ
ਹੋਲੀ -ਹੋਲੀ ਚਨਾਬ ਦਾ ਪਾਣੀ ਵਧਦਾ ਗਿਆ
ਮੈਂ ਹੀਰ ਤੋਂ ਹਕ਼ੀਰ ਹੋ ਗਈ ....
ਵਰਿਆਂ ਬਾਹਿਦ ਕੀਤੇ ਤੈਨੂੰ
ਵੰਝਰੀ ਵਜਾਉਂਦੇ ਸੁਣਿਆ
ਮੈਂ ਦਿਲ ਦਾ ਬੂਹਾ ਖੋਲ ਦਿੱਤਾ
ਕਈ ਸਾਰਿਆ ਨਜ਼ਮਾਂ ਤੇਰੇ ਨਾਂ ਕਰ ਦਿੱਤੀਆਂ
ਤੂੰ ਵੀ ਕੈਨਵਸ ਤੇ ਰੰਗਾਂ ਨਾਲ ਮੇਰਾ ਨਾਂ ਲਿਖਿਆ
ਪਰ ਉਮਰਾਂ ਦੇ ਟੁਟਦੇ ਟਾਂਕੇ ਮੈਂ ਜੋੜ ਨਾ ਸਕੀ
ਚਨਾਬ ਦਾ ਪਾਣੀ ਵਧਦਾ ਰਿਹਾ ....
ਇਕ ਦਿਨ ਮੈਂ ਵਕਤ ਦਾ ਹੱਥ ਫੜ ਪੁਛਿਆ
ਜਦੋਂ ਤੂੰ ਸਬ੍ਕੁਝ ਦਿੱਤਾ , ਵਕਤ ਕਿਓਂ ਨਾ ਦਿੱਤਾ ..?
ਰੋਕ ਲੈ ਇਸ ਵਧਦੇ ਪਾਣੀ ਨੂੰ
ਮੈਂ ਡੁੱਬਣਾ ਨਹੀਂ ਚਾਹੁੰਦੀ ...
ਉਹ ਹੱਸ ਪਿਆ ਬੋਲਿਆ ....
ਵਕਤ ਦੀਆਂ ਲਕੀਰਾਂ ਤੇਰੇ ਹੱਥਾਂ ਉੱਤੇ ਨਹੀਂ .....
ਮੈਂ ਵੇਖਿਆ ਦੁਰ ਕੋਈ ਕਬਰ ਉੱਤੇ ਬੈਠਾ
ਵੰਝਰੀ ਵਜਾ ਰਿਹਾ ਸੀ ........