सोमवार, 12 अगस्त 2013


ਤੇਰਾ ਆਣਾ ... 

ਕੁੱਝ ਦਿਨ ... 
ਜਿੱਥੇ ਤੂੰ ਲੈ ਗਿਆ ਸੀ 
ਬੜਾ ਹੁਸੀਨ ਜਿਹਾ ਤਸੱਵੁਰ ਸੀ
ਇਸ਼ਕ ਪਾਣੀਆਂ 'ਚ ਤੈਰਨ ਲੱਗ ਪਿਆ ਸੀ  
ਹਵਾ ਚੁੱਪ ਕੀਤੀ ਛਲਕਾ ਜਾਂਦੀ 
ਅੱਖਾਂ 'ਚ ਜਾਮ ... 
ਮਨ ਅਵਾਰਾ ਜਿਹਾ ਹੋਈ ਜਾਂਦਾ 
ਮੈਂ ਹਿਮਾਲਿਆ ਦੀ ਚੋਟੀ ਤੇ ਬੈਠੀ 
ਬੀਜ ਦੇਣਾ ਚਾਹੁੰਦੀ ਸਾਰੇ ਮੁਹੱਬਤ ਦੇ ਬੀਜ 
ਅੰਬਰ ਦੇ ਵਿਹੜੇ 'ਚ ... 
ਦੇਖਣਾ ਚਾਹੁੰਦੀ 
ਕਿੰਝ ਮੁਹੱਬਤ ਦੀ ਅੱਗ ਨਾਲ 
ਪਿਘਲਦੇ ਨੇ ਸਿਤਾਰੇ 
ਕਿਵੇਂ ਮੁਹੱਬਤ ਜਲਾਉਂਦੀ ਹੈ ਜਿਸਮ 
ਨਦੀ ਦੁਬਕ ਜਾਂਦੀ ਹੈ ਸਮੁੰਦਰ 'ਚ 
ਇਕ ਮੁੱਦਤ ਬਾਦ 
ਅੱਜ ਫੇਰ ਖਿਆਲਾਂ 'ਚ 
ਮੁਸਕਾਨ ਆਈ ਹੈ ...

बुधवार, 31 जुलाई 2013

ਦੁਆਵਾਂ ਦਾ ਫੁੱਲ ....

ਸੋਚਾਂ ਸੱਚ ਹੁੰਦੀਆਂ ਹੋਣਗੀਆਂ 
ਪਰ ਹੀਰ ਦੀਆਂ ਸੋਚਾਂ 
ਕਦੇ ਕੈਦੋਂ ਨੇ
ਸੱਚ ਨਹੀਂ ਹੋਣ ਦਿੱਤੀਆਂ 
ਇੱਕ ਖੂਬਸੂਰਤ ਸ਼ਾਇਰਾ ਦੀ ਮੁਹੱਬਤ 
ਵਕਤ ਦੀ ਕਿੱਲੀਆਂ ਉੱਤੇ ਟੰਗੀ 
ਮਜ਼ਬੂਰ ਖੜ੍ਹੀ ਹੈ ...

ਇਹਨਾਂ ਪੀੜਾਂ ਦੀ ਕਸਕ 
ਤੂੰ ਵੀ  ਸੁਣੀ ਹੋਵੇਗੀ ਕਦੇ
ਕਬਰਾਂ ਉੱਤੇ
ਸੂਹੇ ਗੁਲਾਬ ਨਹੀਂ ਖਿੜਦੇ
ਆਪਣੀ ਪਾਗਲ ਜਿਹੀ ਚਾਹਤ
ਅਤੇ
ਰੰਗੀਲੀਆਂ ਚੁੰਨੀਆਂ ਦੇ ਖ਼ਾਬ 
ਮੈਂ ਹੁਣ ਚੁੱਪ ਦੀ ਬੁੱਕਲ ਪਿੱਛੇ 
ਲੁਕਾ ਦਿੱਤੇ ਨੇ ....
ਮੁਹੱਬਤ ਦੀਆਂ ਲਕੀਰਾਂ 
ਕੈਨਵਸ ਤੇ aੁੱਤਰਦੀਆਂ ਹੋਣਗੀਆਂ 
ਹਥੇਲੀਆਂ ਉੱਤੇ ਲਕੀਰਾਂ 
ਤਿੜਕ ਜਾਦੀਆਂ ਨੇ ..

ਚੱਲ ਤੂੰ ਇੰਜ ਜ਼ਖਮਾਂ ਉੱਤੇ
ਰੇਸ਼ਮੀ ਰੁਮਾਲ ਨਾ ਫੇਰ
ਰਾਤ ਹਉਕੇ ਭਰਨ ਲੱਗਦੀ ਹੈ 
ਬੇਜਾਨ ਹੋਏ ਸੋਚਾਂ ਦੇ ਬੁੱਤ
ਕੋਲ਼ ਖੜ੍ਹੇ ਰੁੱਖਾਂ ਵਿੱਚੋਂ
ਖ਼ਾਮੋਸ਼ੀ ਦੇ ਸ਼ਬਦ ਤਲਾਸ਼ਦੇ ਨੇ 
ਸੁਪਨਿਆਂ ਦੇ ਅੱਖਰ ਪੱਥਰ ਹੋ 
ਮਲਕੜੇ ਜਿਹੇ ਸਮੁੰਦਰ ਵਿੱਚ 
ਉੱਤਰ ਜਾਂਦੇ ਨੇ ...

ਵੇਖ ਅੱਜ  ਮੇਰੀ ਨਜ਼ਮ ਵੀ
ਸਹਿਮੀ ਜਿਹੀ ਖੜੀ ਹੈ
ਆ ਅੱਜ ਦੀ ਰਾਤ 
ਇਸਦੀ ਛਾਤੀ 'ਤੇ ਕੋਈ
ਦੁਆਵਾਂ ਦਾ ਫੁੱਲ ਰੱਖ ਦੇ ....

रविवार, 7 जुलाई 2013

ਪੁਸਤਕ ਸਮੀਖਿਆ -


 ਪੁਸਤਕ ਸਮੀਖਿਆ -                ਇਕ ਦੀਵਾ ਇਕ ਦਰਿਆ (ਲੇਖਿਕਾ - ਤਨਦੀਪ ਤਮੰਨਾ )
                                                         ਪ੍ਰਕਾਸ਼ਕ - ਪੰਜਾਬੀ ਆਰਸੀ ਪ੍ਰਕਾਸ਼ਕ
                                                          ਕੈਨੇਡਾ
                                                          ਮੁੱਲ - 150 ਰੁਪਏ 
 
ਅਜੇ ਕੁੱਝ ਦਿਨ ਪਹਿਲਾਂ ਦੀ ਹੀ ਗੱਲ ਹੈ ਜਦੋਂ ਤਨਦੀਪ ਜੀ ਨੇ ਮੇਰੇ ਤੋਂ ਮੇਰਾ ਪਤਾ ਮੰਗਿਆ ਸੀ ਆਪਣੀ ਕਿਤਾਬ ਭੇਜਣ ਵਾਸਤੇ ...ਤੇ ਅੱਜ ਕਿਤਾਬ ਮੇਰੇ ਹੱਥਾਂ  ਵਿੱਚ ਹੈ . . ਏਨੀ ਜਲਦੀ ਤਾਂ ਪੰਜਾਬ ਤੋਂ ਵੀ ਕੋਈ ਕਿਤਾਬ ਆਸਾਮ ਨਹੀਂ ਪਹੁੰਚਦੀ ...ਮੈਂ ਹੈਰਾਨ ਸੀ ...ਤਨਦੀਪ ਜੀ ਨੇ ਇਸ ਨੂੰ 13  ਸੌ ਰੁਪਏ ਖਰਚ ਕੇ ਕੋਰੀਅਰ ਵਿੱਚ ਭੇਜਿਆ ਹੈ ...ਮੇਰਾ ਏਨਾ ਵੱਡਾ ਮਾਣ  ਰਖਣ ਲਈ ਉਹਨਾਂ ਦੀ ਦਿਲੋਂ ਸ਼ੁਕਰਗੁਜ਼ਾਰ  ਹਾਂ ...
ਕਿਤਾਬ  ਹੱਥ 'ਚ ਲੈ ਕਵਰ ਪੇਜ਼ ਨੂੰ ਬੜੀ ਦੇਰ ਤਕ ਇੱਕ ਟੱਕ  ਨਿਹਾਰਦੀ ਰਹੀ . ਪੰਜਾਬੀ ਆਰਸੀ ਮਿੱਤਰਤਾ ਕਲੱਬ ਉੱਪਰ ਕਈ ਵਾਰ ਇਸਦਾ ਸਰਵਰਕ ਵੇਖ  ਚੁਕੀ ਸਾਂ  ਪਰ ਸਮਝ ਨਹੀਂ ਸੀ ਆਇਆ ਕਿ  ਕੀ ਬਣਿਆ ਹੋਇਆ ਹੈ ..ਹੁਣ ਪਤਾ ਲੱਗਿਆ  ਇਕ ਦਰਿਆ 'ਤੇ ਇਕ ਦੀਵਾ ਹੈ ..ਜੋ ਕਿ ਪੁਸਤਕ ਦਾ ਖੂਬਸੂਰਤ ਨਾਮ ਵੀ ਹੈ ....ਬਹੁਤ ਹੀ ਸੋਹਣਾ ਕਵਰ ਪੇਜ਼ ਹੈ ......
ਇਹ  ਪੁਸਤਕ ਤਨਦੀਪ ਜੀ ਨੇ ਸਮਰਪਿਤ ਕੀਤੀ ਹੈ ਆਪਣੀ ਸਹੇਲੀ ਸੁਖਜਿੰਦਰ ਬੀਟਾ  ਅਤੇ ਵੱਡੀ ਦੀਦੀ ਸ਼ਾਇਰਾ  ਗੁਰਮੇਲ ਸੰਘਾ ਦੇ ਨਾਂਅ ...ਕਰੀਮ ਰੰਗੇ ਸਫ਼ਿਆਂ ਉੱਤੇ ਸਜੀਆਂ ਹੋਈਆਂ ਖੂਬਸੂਰਤ ਨਜ਼ਮਾਂ ਅਤੇ ਕਵਿਤਾਵਾਂ ਬਾਰੇ ਵਿਚਾਰ ਰੱਖਦੇ  ਹਨ ਪਾਕਿਸਤਾਨ ਦੇ ਮਸ਼ਹੂਰ ਸ਼ਾਇਰ ਹਸਨ ਅੱਬਾਸੀ ਅਤੇ ਭਾਰਤ ਤੋਂ ਸਾਹਿਤਕਾਰ ਅਤੇ ਫ਼ਿਲਮਕਾਰ ਦਰਸ਼ਨ ਦਰਵੇਸ਼ ਜੀ ....
ਜਿਵੇਂ ਕਿ ਮੈਂ ਅੱਜ ਤੀਕ  ਤਨਦੀਪ ਜੀ ਨੂੰ ਪੜ੍ਹਦੀ ਆਈ ਹਾਂ ਇਹਨਾਂ ਦੀਆਂ ਨਜ਼ਮਾਂ 'ਚ ਜ਼ਿੰਦਗੀ ਪੁੰਗਰਦੀ ਹੈ , ਸ਼ਬਦਾਂ ਦੇ ਰੰਗ ਇੰਜ ਖੁਲ੍ਹਦੇ ਨੇ ਜਿਵੇਂ ਸਿੱਧਾ ਰੂਹ ਦੇ ਕੈਨਵਸ ਤੇ ਅੰਕਿਤ ਹੋਣ ਵਾਸਤੇ ਪੈਦਾ ਹੋਏ ਹੋਣ  ..ਨਜ਼ਮਾਂ ਦੇ ਹਰਫ਼ ਪੁਰ ਕੋਸ਼ਿਸ਼ ਮੰਜ਼ਰ ਦਾ ਹਿੱਸਾ ਬਣ ਜਾਂਦੇ ਹਨ  ਜਿਹਨਾਂ ਵਿਚੋਂ ਜਲਦੀ ਨਿੱਕਲ ਸਕਣਾ ਮੁਮਕਿਨ ਨਹੀਂ ....
 
ਸੋਗ ਦੇ ਕਾਲੇ ਲਿਬਾਸਾਂ

ਅਫਸੋਸ ਦੇ ਰਸਮੀ ਸ਼ਬਦਾਂ ਵਿਚਕਾਰ
ਤੇਰੀ ਮੌਤ ਦੱਬੀ ਗਈ  ....
ਆਪਣੀ ਅਰਥੀ ਉਠਾ
ਤੇ ਤੁਰ ਜਾ ....
 
ਦਰਸ਼ਨ ਦਰਵੇਸ਼ ਜੀ  ਸਵਾਗਤੀ ਸ਼ਬਦਾਂ ਵਿਚ ਆਪਣੇ ਵਿਚਾਰ ਰਖਦੇ ਹੋਏ ਆਖਦੇ ਨੇ , '' ਉਸ ਨੇ ਆਪਣੇ ਸੰਵਾਦ ਨੂੰ ਆਪਣੀ ਹੀ ਭਾਸ਼ਾ ਵਿੱਚ ਅਨੁਵਾਦ ਕਰਦਿਆਂ ਲੰਬੇ ਵਰ੍ਹਿਆਂ ਦੀ ਧੂਣੀ  ਸੇਕੀ ਹੈ ਜਿਸ ਵਿਚੋਂ ਹਵਾ ਦੇ ਸ਼ੋਰ , ਕਿਲਕਾਰੀਆਂ ਦੇ ਹਾਸੇ , ਖੌਫਨਾਕ ਰਾਤਾਂ ਦੀ ਮੌਤ , ਦੀਵਾਰਾਂ ਅੰਦਰ ਜਿਉਂਦੇ ਮਾਰੂਥਲ ਨੂੰ ਆਪਣੇ ਸ਼ਬਦਾਂ ਦਾ ਓਹਲਾ ਦਿੱਤਾ ਹੈ ....
 
ਤੁਫਾਨ ਦੇ ਝੰਬੇ
ਕੁਝ ਸੋਹਲ ਪੱਤੇ
ਮੇਰੀ ਬਾਰੀ 'ਤੇ ਆ ਬੈਠੇ
ਜਿਵੇਂ ਸਾਰੇ ਜੰਗਲ ਦਾ ਦਰਦ
ਨਾਲ ਲਿਆਏ ਹੋਣ ....
ਮੈਂ ਬਾਸ ..
ਤਿੜਕੇ ਬਦਨ ...ਸੁਫਨੇ ..ਸ਼ੀਸ਼ੇ
ਵੇਖ ਰਹੀ ਹਾਂ ...
ਮੋਏ ਗੀਤਾਂ ਦਾ ਵਿਰਲਾਪ
ਸੁਣ  ਰਹੀ ਹਾਂ .....
 
ਤਨਦੀਪ ਜੀ ਆਪਣੀਆਂ ਕਵਿਤਾਵਾਂ  ਨਾਲ ਸਾਂਝ ਪੁਆਉਂਦੇ , ਦੱਸਦੇ ਨੇ " ਮੈਂ ਨਜ਼ਮ ਨੂੰ ਕਦੋਂ ਕਦੋਂ ਲਿਖਿਆ ਯਾਦ ਨਹੀਂ...ਨਜ਼ਮ ਮੈਨੂੰ ਹਰ ਪਲ ਲਿਖਦੀ ਰਹੀ ਹੈ...ਦਰਦ ਅਤੇ ਤਨਹਾਈ ਨੇ ਜਦੋਂ ਵੀ ਅੱਖਾਂ ਵਿਚਲਾ ਪਾਣੀ ਸੋਖ ਕੇ...ਮੇਰਾ ਦਾਮਨ ਸਿੱਲ੍ਹਾ ਕੀਤਾ,ਨਜ਼ਮ ਮੇਰੇ ਨਾਲ ਸੀ ...ਮੇਰੀਆਂ ਅੱਖਾਂ ਅਤੇ ਰੂਹ ਨੂੰ ਦਿਲਾਸੇ ਦਿੰਦੀ..ਮੇਰੇ ਅਣਕਹੇ ਸ਼ਬਦਾਂ ਵਿਚੋਂ ਰੇਤ ਅਤੇ ਮੋਤੀ ਵੱਖ ਵੱਖ ਛਾਣਦੀ----ਕਿਸੇ ਡੂੰਘੀ ਖ਼ਾਮੋਸ਼ੀ ਵਿਚ ਲਹਿ ਜਾਂਦੀ.----ਖ਼ਾਮੋਸ਼ੀ,ਮੇਰੀ ਨਜ਼ਮ ਦੇ ਹਰ ਸ਼ਬਦ ਵਿਚ ਹੈ...ਹਰਫ਼ ਦੀ ਆਪਣੀ ਇਕ ਜ਼ਿੰਦਗੀ ਅਤੇ ਇਕ ਅਤੀਤ ਹੈ. ਰਾਤ ਦੀ ਸਾਰੰਗੀ ਜਿਉਂ ਹੀ ਦਰਦ ਭਰਿਆ ਰਾਗ ਛੇੜਦੀ ਹੈ...ਫ਼ਰੇਜ਼ਰ ਦਰਿਆ ਦੇ ਸੀਨੇ ਵਿਚ ਸ਼ੋਰ ਮਚਦਾ ਹੈ...ਮੇਰੀ ਨਜ਼ਮ ਦੀ ਕੱਚੀ ਨੀਂਦ ਟੁੱਟਦੀ ਹੈ...ਉਹ ਉੱਠ ਬਹਿੰਦੀ ਹੈ...ਸਾਰੀ ਰਾਤ ਜਾਗਦੀ ਹੈ ਤੇ ਮੈਨੂੰ ਅੱਖਾਂ ਬੰਦ ਨਹੀਂ ਕਰਨ ਦਿੰਦੀ..
 
ਚਲੋ ...
ਲਕਵਾ ਮਾਰੇ ਸੁਫਨਿਆਂ ਨੂੰ
ਕਾਠ ਮਾਰ ਸੁੱਟੀਏ
ਕਹਿਕਹੇ ਲਗਾ ਕੇ ਹੱਸੀਏ
ਤੇ ਯਾਦ ਕਰੀਏ
ਉਹ ਪਹਿਲੀ ਸਵੇਰ
ਜਦੋਂ ਸੂਰਜ ....
ਪੱਕੀਆਂ ਕਣਕਾਂ ਨੂੰ
ਦਗ਼ਾ ਦੇ ਗਿਆ ਸੀ ..... 
 
ਏਨੀ ਛੋਟੀ ਉਮਰੇ ਏਨੇ ਗਹਰੇ  ਸ਼ਬਦਾਂ ਦੀ ਅੱਗ ਵਿੱਚ ਹੱਥ  ਪਾ ਲੈਣਾ ਯਕੀਨਨ ਤਨਦੀਪ ਜੀ ਨੂੰ ਉੱਚੀਆਂ ਉਡਾਰੀਆਂ ਤੀਕ ਲੈ ਜਾਏਗਾ...ਇਹ ਕਵਿਤਾਵਾਂ ਅਹਿਸਾਸਾਂ ਦਾ ਇਕ ਵਹਿੰਦਾ ਦਰਿਆ ਹੈ ਜਿਸ ਵਿਚ ਜਿੰਨਾ ਡੁੱਬਦੇ ਜਾਉ ਨਿੱਘ ਆਉਂਦਾ  ਜਾਏਗਾ . ਯਕੀਨਨ ਇਹ ਪੁਸਤਕ ਪਾਠਕਾਂ ਦੇ ਦਿਲਾਂ ਨੂੰ ਕੰਬਣ ਲਈ ਮਜ਼ਬੂਰ ਕਰ ਦੇਵੇਗੀ .....ਤਨਦੀਪ ਜੀ ਤੁਹਾਡੀ ਇਸ ਪੁਸਤਕ ਵਾਸਤੇ ਮੇਰੀਆਂ ਹਾਰਦਿਕ ਸੁੱਭ ਕਾਮਨਾਵਾਂ ਨੇ !
 
ਹਰਕੀਰਤ ਹੀਰ
18 ਈਸਟ ਲੇਨ , ਸੁੰਦਰਪੁਰ
ਹਾਊਸ ਨੰਬਰ -5
ਗੁਹਾਟੀ -5 (ਆਸਾਮ , ਇੰਡੀਆ )

गुरुवार, 13 जून 2013

ਕਤਲ ਹੁੰਦੇ ਸੁਰਖ ਰੰਗ ....

ਹੁਣ ਤੇਰੀਆਂ ਨਜ਼ਮਾਂ ਵਿੱਚ 
ਨਹੀਂ ਹੁੰਦੀ ਕੋਈ ਮੇਰੇ ਨਾਂਅ ਦੀ ਨਜ਼ਮ  
ਮੇਰੀ ਕਲਮ ਖਾਮੋਸ਼ ਨਜ਼ਰਾਂ ਨਾਲ 
ਤੱਕਦੀ ਰਹਿੰਦੀ ਹੈ 
ਆਪਣੇ ਅਣਕਹੇ ਲਫਜ਼ 
ਜੋ ਸਫਿਆਂ ਉੱਤੇ 
ਉਦਾਸੀ ਦੀ ਬੁੱਕਲ 'ਚ ਬੈਠੇ  
ਅਣਚਾਹੀਆਂ ਲਕੀਰਾਂ ਵਾਹ ਰਹੇ ਹੁੰਦੇ ਨੇ 
ਜਦ ਤੇਰੇ ਨਾਲ ਮੁਹੱਬਤ ਨਹੀਂ ਸੀ 
ਹਵਾ ਲਟਬੌਰੀ ਜਿਹੀ 
ਘੁੱਟ ਲੈਂਦੀ ਸੀ ਜ਼ਖਮਾਂ ਨੂੰ 
ਦਰਦ ਲੰਘ ਜਾਂਦੇ ਠਹਾਕੇ ਮਾਰ 
ਮੁੱਕ ਚੁੱਕੀ ਖੁਸ਼ੀ 
ਮੁਹੱਬਤ ਦੀ ਖਿੜਕੀ ਕਸਕੇ ਬੰਦ ਕਰ ਲੈਂਦੀ 
ਭਿੱਜੀਆਂ ਅੱਖਾਂ ਕੱਟ ਸੁਟਦੀਆਂ ਕੈਂਚੀ ਫੜ੍ਹ 
ਖਿੜੇ ਗੁਲਾਬ ਦੇ ਸੁਰਖ ਰੰਗ 

ਅੱਜ  ਜਦ ਤੇਰੇ ਨਾਂਅ ਦੇ ਅੱਖਰ 
ਹਨੇਰੀਆਂ ਰਾਤਾਂ 'ਚ ਮੁਸਕੁਰਾਉਣ ਲੱਗ ਪਏ ਸੀ  
ਤੇ ਹੱਸਣ ਦੀ ਮਾਕੂਲ ਵਜਾਹ ਮਿਲ ਗਈ ਸੀ
ਹੁਣ ਨਹੀਂ ਹੈ ਤੇਰੀਆਂ ਨਜ਼ਮਾਂ ਵਿੱਚ 
ਮੇਰੇ ਨਾਂਅ ਦਾ ਕੋਈ ਅੱਖਰ....

रविवार, 9 जून 2013

ਮੁਹੱਬਤ....

ਤਿੱਖ਼ੇ ਦੰਦਾਂ ਨਾਲ 
ਕੱਟਦੀ ਹੈ ਰਾਤ ...
ਤੇਰੇ ਬਿਨਾ ਘੁੱਟ ਲੈਂਦੀ ਹੈ ਉਦਾਸੀ 
ਬੇਕਾਬੂ ਜਿਹੇ ਹੋ ਜਾਂਦੇ ਨੇ ਖਿਆਲ 
ਖਿੜਕੀ ਤੋਂ ਆਉਂਦੀ ਹਵਾ
ਹਿੱਕ 'ਚ ਦੱਬੇ ਅੱਖਰਾਂ ਦਾ 
ਅਰਥ ਪੁੱਛਣ ਲੱਗਦੀ ਹੈ 
ਦੱਸ ਮੈਂ ਕਿਵੇਂ ਦੱਸਾਂ ..
ਮੁਹੱਬਤ ਦੀ ਕੋਈ ਸੁਨਹਿਰੀ ਸਤਰ 
ਰੱਸੀਆਂ ਖੋਲਣਾ ਚਾਉਂਦੀ ਹੈ ....

गुरुवार, 6 जून 2013

ਉੜਾਨ ....

ਉਡਾਣ ....

ਇੱਕ ਛੋਟੀ ਜਿਹੀ ਚਿੜੀ 
ਜੋ  ਛੂਹਣਾ ਚਾਹੁੰਦੀ ਸੀ ਆਕਾਸ਼
ਪਰ ਹਰ ਬਾਰ ਡਰ ਜਾਂਦੀ ਸੀ 
ਕਿਸੇ ਹੋਰ ਦੇ ਸੁਨਹਿਰੀ ਖੰਭਾਂ ਨੂੰ ਵੇਖ
ਉਹ ਨਹੀਂ ਸੀ ਜਾਣਦੀ 
ਆਕਾਸ਼ ਸਿਰਫ਼ ਖੂਬਸੂਰਤ  
ਖੰਭਾਂ ਵਾਲਿਆਂ ਦਾ ਹੀ ਨਹੀਂ 
ਉੱਚੀ ਉਡਾਣ ਦੀ ਸੋਚ 
ਵਾਲਿਆਂ ਦਾ ਵੀ
ਹੁੰਦਾ ਹੈ ...

गुरुवार, 30 मई 2013

ਮੁਹੱਬਤ ਕਦੇ ਚਨਾਬ 'ਚ ਨਹੀਂ  ਡੁੱਬਦੀ
ਚਨਾਬ ਤੇ ਮੁਹੱਬਤ ਨੂੰ ਵਰਿਆਂ  ਤੀਕ  ਜਿੰਦਾ ਰਖਦੀ  ਹੈ ......

                                                        ਹੀਰ .......