गुरुवार, 30 मई 2013

ਮੁਹੱਬਤ ਕਦੇ ਚਨਾਬ 'ਚ ਨਹੀਂ  ਡੁੱਬਦੀ
ਚਨਾਬ ਤੇ ਮੁਹੱਬਤ ਨੂੰ ਵਰਿਆਂ  ਤੀਕ  ਜਿੰਦਾ ਰਖਦੀ  ਹੈ ......

                                                        ਹੀਰ .......

रविवार, 12 मई 2013

ਮੇਰਾ ਨਾਂਅ.....

ਮੇਰਾ ਨਾਂਅ 'ਖਿਆਲ '... 
ਮੇਰਾ ਨਾਂਅ 'ਮਰਜ਼ੀ '... 
ਮੇਰਾ ਨਾਂਅ 'ਹੀਰ '....
ਤੂੰ ਜਿੰਨੇ ਨਾਂਅ ਰੱਖਣੇ ਨੇ ਰਖ ਲੈ 

ਤੇ ਇੰਜ ਹੀ ਖਿਆਲਾਂ ਨੂੰ ਰੰਗ ਦਿੰਦਾ ਰਹਿ 
ਮੈਂ ਮਰਜ਼ੀ ਬਣ ਦੀ ਜਾਵਾਂਗੀ 

ਤੇਰੀ ਮਰਜ਼ੀ ਦੀ ਵੀ 
ਤੇ ਆਪਣੀ ਮਰਜ਼ੀ ਦੀ ਵੀ ...

ਜਿਵੇਂ ਰੱਬ ਦਾ ਖਿਆਲ 
ਬੜਾ ਨਿੱਘਾ ਤੇ ਸੁਹਾਵਣਾ ਹੁੰਦਾ ਹੈ 

ਉਂਜ ਹੀ ਤੇਰਾ ਖਿਆਲ ਵੀ 
ਰੱਬ ਵਰਗਾ ਹੈ 
ਤੂੰ ਮੇਰੀਆਂ 'ਖਾਮੋਸ਼ ਚੀਕਾਂ' ਨੂੰ 
ਆਪਣੀ ਮਰਜ਼ੀ ਦੇ  ਰੰਗ ਭਰੇ

ਤੇ ਉਹ ਅੱਖਰ ਅੱਖਰ ਹੋ 
ਵਰਕਿਆਂ 'ਤੇ ਖਿੜ  ਗਈਆਂ ...
ਇਕ ਉਦਾਸ ਜੇਹੀ ਜ਼ਿੰਦਗੀ
ਹਨੇਰਿਆ ਦੀ ਬੁੱਕਲ ਖੋਹਲ 

ਆਸਮਾਨ ਵੱਲ ਤੱਕਣ ਲੱਗੀ 
ਅੱਜ ਮੈਂ ਪਹਿਲੀ ਵੇਰ 

ਸੂਰਜ ਦੇ ਚਿਹਰੇ 'ਤੇ ਪਸੀਨਾ ਵੇਖਿਆ 
ਇਹ ਤੇਰੇ ਰੰਗਾਂ ਦੀ ਕਰਾਮਾਤ ਸੀ 
ਉਹ ਮੁੜ੍ਹਕੋ -ਮੁੜ੍ਹਕੀ ਰੁੱਖਾਂ ਦੇ ਪਿੱਛੇ ਲੁਕਦਾ ਫਿਰੇ 
ਤੇ ਮੈਂ ਤੇਰੇ ਜ਼ਿਕਰ ਦੀ ਖੁਸ਼ਬੂ 

ਹਵਾਵਾਂ ਵਿੱਚ ਘੋਲੀ ਬੈਠੀ 
ਮਹਿਕ ਰਹੀ ਹਾਂ ....
ਤੇਰੀ ਮਰਜੀ ਦੀ ਵੀ ਬਣ ਕੇ 
ਤੇ ਆਪਣੀ ਮਰਜੀ ਦੀ ਵੀ .....

रविवार, 5 मई 2013


ਮਹਿਕ ...

ਤੇਰਾ ਖ਼ਤ ਮਿਲਿਆ
ਇਕ ਮਹਿਕ ਜੇਹੀ
ਉੱਤਰ ਗਈ  ਸੀ ਸਾਹਾਂ 'ਚ
ਪਤਾ ਨਹੀਂ ਤੇਰੇ ਹੱਥਾਂ ਦੀ ਸੀ
ਤੇਰੇ ਰੰਗਾ ਦੀ
 ਤੇਰੇ ਖਿਆਲਾਂ ਦੀ
ਜਾਂ ਮੇਰੀ ਸੋਚ ਦੀ ਸੀ 
ਪਰ ਮੈਂ ਧੁਰ ਤੀਕ
ਭਿਜ ਗਈ ਸਾਂ ...
ਕੁਝ ਪਲ ਲਈ ਹੀ ਸਹੀ
ਮੈਂ ਹਕ਼ੀਰ ਤੋਂ ਹੀਰ ਹੋ ਗਈ ਸਾਂ ....

शनिवार, 4 मई 2013

ਅੱਜ ਇਮਰੋਜ਼ ਜੀ ਦੀ ਇਹ ਨਜ਼ਮ ਖ਼ਤ ਰਾਹੀ ਆਈ  ....
ਬੰਦਾ ਅਜਾਦ ਨਹੀਂ
ਆਪਣੇ ਆਪ ਤੋਂ
ਹਵਾਵਾਂ ਆਜ਼ਾਦ ਹਨ
ਅਪਣੇ ਆਪ ਨਾਲ
ਸ਼ਬਦ ਨਜ਼ਮ ਬਣਦਾ
ਵਾਰਿਸ ਬਣਦਾ
ਪਰ ਹੀਰ ਨਹੀਂ ਬਣਦਾ
ਹੀਰ ਮੁਹੱਬਤ ਬਣਦੀ ...
ਕਿੱਸੇ ਕਹਾਣੀਆਂ ਸੋਚ ਬਣਦੀ
ਪਰ ਸੋਚ ਮੁਹੱਬਤ ਨਹੀਂ ਬਣਦੀ
ਹੀਰ ਕਿਸੇ ਦੀ ਕੋਈ ਨਜ਼ਮ ਬਣੇ ਨਾ ਬਣੇ
ਪਰ ਹੀਰ ਮੁਹੱਬਤ ਦਾ
ਇਕ ਇਲਾਹੀ ਗੀਤ ਬਣ ਗਈ ਹੈ
ਜੋ ਖਾਮੋਸ਼ ਸਦੀਆਂ
ਗਾਉਂਦੀਆਂ ਆ ਰਾਹੀਆਂ ਹਨ ਜਾਗ ਜਾਗ ਕੇ
ਇਸ ਇਲਾਹੀ ਗੀਤ ਨੂੰ
ਜੋ ਵੀ ਮੁਹੱਬਤ ਨਾਲ ਜਾਗ ਕੇ
ਗਾਉਂਦਾ ਹੈ ਉਹ ਰਾਂਝਾ ਰਾਂਝਾ ਹੋ ਜਾਂਦਾ ਹੈ
ਤੇ ਮੁਹੱਬਤ ਨਾਲ ਜਾਗ ਕੇ
ਜੋ ਵੀ ਇਸ ਇਲਾਹੀ ਗੀਤ ਨੂੰ ਸੁਣਦੀ ਹੈ
ਉਹ ਹੀਰ ਹੀਰ ਹੋ ਜਾਂਦੀ ਹੈ ....
ਇਸ ਗੀਤ ਨੂੰ ਗਾਉਂਦਾ ਗਾਉਂਦਾ ਵੀ
ਤੇ ਸੁਣਦਾ ਸੁਣਦਾ ਵੀ
ਮੈਂ ਵੀ ਕਈ ਵਾਰ ਵਾਰਿਸ ਵਾਰਿਸ ਹੋਇਆ ਹਾਂ .....

                            ਇਮਰੋਜ਼ ............

ਤੇ ਇਹ ਮੇਰਾ ਜਵਾਬ ਹੈ ਇਮਰੋਜ਼ ਜੀ ਦੀ ਨਜ਼ਮ ਦਾ .....

ਕੈਦ ਮੁਹੱਬਤ ....

ਬੇਸ਼ਕ ਹਵਾਵਾਂ ਆਜ਼ਾਦ ਨੇ
ਪਰ ਸ਼ਬਦ ਆਜ਼ਾਦ ਨਹੀਂ
ਮੈਂ ਕਿਵੇਂ ਅਪਣੀ ਖਾਮੋਸ਼ੀ ਤੋੜਾਂ
ਜਿਸਨੇ ਕੈਦ ਕਰ ਰਖਿਆ ਹੈ
ਮੁਹੱਬਤ ਦੇ ਸ਼ਬਦਾਂ ਨੂੰ ...
ਹੋਠਾਂ ਅੰਦਰ ....

 ਹੀਰ ਨਜ਼ਮ  ਬਣ ਸਕਦੀ  ਹੈ
ਮੁਹੱਬਤ ਦਾ ਗੀਤ ਬਣ ਸਕਦੀ ਹੈ
ਪਰ ਖੁਦ ਕਿਸੇ ਦੀ ਮੁਹੱਬਤ
ਨਹੀਂ   ਬਣ ਸਕੀ   ....

ਤੂੰ ਮੁਹੱਬਤ ਨਾਲ ਜਾਗ ਕੇ
ਬੇਸ਼ਕ ਗਾਂਦਾ ਰਹਿ
ਇਲਾਹੀ ਗੀਤ
ਰਾਂਝਾ ਰਾਂਝਾ ਹੋ ਕੇ ਵੀ
ਤੇ ਵਾਰਿਸ ਵਾਰਿਸ ਹੋ ਕੇ ਵੀ ..

ਪਰ ਹੀਰ ,ਹੀਰ ਹੋ ਕੇ
ਸਿਰਫ ਜਾਗ ਸਕਤੀ ਹੈ
ਰਾਤਾਂ ਦੇ ਹਨੇਰੀਆਂ ਨੂੰ ਬੁੱਕਲ 'ਚ ਲੈ
ਖਾਮੋਸ਼ੀ ਦੀ ਜੁਬਾਨ ਨਾਲ
ਲਿਖ ਸਕਦੀ ਹੈ ਉਸਦੀ ਪੀਠ ਤੇ
ਤੇਰਾ ਨਾ ....

ਹੰਝੂਆਂ ਨੂੰ ਕੈਦ ਕਰ
ਰਖ ਸਕਦੀ ਹੈ ਸਿੱਪੀ ਵਿਚ
ਮੋਤੀ ਬਣਨ ਤੀਕ ..
ਇਕ ਸੁੱਚਾ ਤੇ ਪਾਕ ਮੋਤੀ
ਹੀਰ ਦੀ ਮੁਹੱਬਤ ਵਰਗਾ
ਪਰ ਉਹ ਆਜ਼ਾਦ ਨਹੀਂ .....

ਹਰਕੀਰਤ ਹੀਰ ......