ਪੁਸਤਕ ਸਮੀਖਿਆ - ਇਕ ਦੀਵਾ ਇਕ ਦਰਿਆ (ਲੇਖਿਕਾ - ਤਨਦੀਪ ਤਮੰਨਾ )
ਪ੍ਰਕਾਸ਼ਕ - ਪੰਜਾਬੀ ਆਰਸੀ ਪ੍ਰਕਾਸ਼ਕ
ਕੈਨੇਡਾ
ਮੁੱਲ - 150 ਰੁਪਏ
ਅਜੇ
ਕੁੱਝ ਦਿਨ ਪਹਿਲਾਂ ਦੀ ਹੀ ਗੱਲ ਹੈ ਜਦੋਂ ਤਨਦੀਪ ਜੀ ਨੇ ਮੇਰੇ ਤੋਂ ਮੇਰਾ ਪਤਾ ਮੰਗਿਆ
ਸੀ ਆਪਣੀ ਕਿਤਾਬ ਭੇਜਣ ਵਾਸਤੇ ...ਤੇ ਅੱਜ ਕਿਤਾਬ ਮੇਰੇ ਹੱਥਾਂ ਵਿੱਚ ਹੈ . . ਏਨੀ
ਜਲਦੀ ਤਾਂ ਪੰਜਾਬ ਤੋਂ ਵੀ ਕੋਈ ਕਿਤਾਬ ਆਸਾਮ ਨਹੀਂ ਪਹੁੰਚਦੀ ...ਮੈਂ ਹੈਰਾਨ ਸੀ
...ਤਨਦੀਪ ਜੀ ਨੇ ਇਸ ਨੂੰ 13 ਸੌ ਰੁਪਏ ਖਰਚ ਕੇ ਕੋਰੀਅਰ ਵਿੱਚ ਭੇਜਿਆ ਹੈ ...ਮੇਰਾ
ਏਨਾ ਵੱਡਾ ਮਾਣ ਰਖਣ ਲਈ ਉਹਨਾਂ ਦੀ ਦਿਲੋਂ ਸ਼ੁਕਰਗੁਜ਼ਾਰ ਹਾਂ ...
ਕਿਤਾਬ ਹੱਥ 'ਚ
ਲੈ ਕਵਰ ਪੇਜ਼ ਨੂੰ ਬੜੀ ਦੇਰ ਤਕ ਇੱਕ ਟੱਕ ਨਿਹਾਰਦੀ ਰਹੀ . ਪੰਜਾਬੀ ਆਰਸੀ ਮਿੱਤਰਤਾ
ਕਲੱਬ ਉੱਪਰ ਕਈ ਵਾਰ ਇਸਦਾ ਸਰਵਰਕ ਵੇਖ ਚੁਕੀ
ਸਾਂ ਪਰ ਸਮਝ ਨਹੀਂ ਸੀ ਆਇਆ ਕਿ ਕੀ ਬਣਿਆ ਹੋਇਆ ਹੈ ..ਹੁਣ ਪਤਾ ਲੱਗਿਆ ਇਕ ਦਰਿਆ
'ਤੇ ਇਕ ਦੀਵਾ ਹੈ ..ਜੋ ਕਿ ਪੁਸਤਕ ਦਾ ਖੂਬਸੂਰਤ ਨਾਮ ਵੀ ਹੈ ....ਬਹੁਤ ਹੀ ਸੋਹਣਾ ਕਵਰ
ਪੇਜ਼ ਹੈ ......
ਇਹ ਪੁਸਤਕ ਤਨਦੀਪ ਜੀ ਨੇ ਸਮਰਪਿਤ ਕੀਤੀ ਹੈ ਆਪਣੀ ਸਹੇਲੀ
ਸੁਖਜਿੰਦਰ ਬੀਟਾ ਅਤੇ ਵੱਡੀ ਦੀਦੀ ਸ਼ਾਇਰਾ ਗੁਰਮੇਲ ਸੰਘਾ ਦੇ ਨਾਂਅ ...ਕਰੀਮ ਰੰਗੇ
ਸਫ਼ਿਆਂ ਉੱਤੇ ਸਜੀਆਂ ਹੋਈਆਂ ਖੂਬਸੂਰਤ ਨਜ਼ਮਾਂ ਅਤੇ ਕਵਿਤਾਵਾਂ ਬਾਰੇ ਵਿਚਾਰ ਰੱਖਦੇ ਹਨ
ਪਾਕਿਸਤਾਨ ਦੇ ਮਸ਼ਹੂਰ ਸ਼ਾਇਰ ਹਸਨ
ਅੱਬਾਸੀ ਅਤੇ ਭਾਰਤ ਤੋਂ ਸਾਹਿਤਕਾਰ ਅਤੇ ਫ਼ਿਲਮਕਾਰ ਦਰਸ਼ਨ ਦਰਵੇਸ਼ ਜੀ ....
ਜਿਵੇਂ ਕਿ
ਮੈਂ ਅੱਜ ਤੀਕ ਤਨਦੀਪ ਜੀ ਨੂੰ ਪੜ੍ਹਦੀ ਆਈ ਹਾਂ ਇਹਨਾਂ ਦੀਆਂ ਨਜ਼ਮਾਂ 'ਚ ਜ਼ਿੰਦਗੀ
ਪੁੰਗਰਦੀ ਹੈ , ਸ਼ਬਦਾਂ ਦੇ ਰੰਗ ਇੰਜ ਖੁਲ੍ਹਦੇ ਨੇ ਜਿਵੇਂ ਸਿੱਧਾ ਰੂਹ ਦੇ ਕੈਨਵਸ ਤੇ
ਅੰਕਿਤ ਹੋਣ ਵਾਸਤੇ ਪੈਦਾ ਹੋਏ ਹੋਣ ..ਨਜ਼ਮਾਂ ਦੇ ਹਰਫ਼ ਪੁਰ ਕੋਸ਼ਿਸ਼ ਮੰਜ਼ਰ ਦਾ ਹਿੱਸਾ ਬਣ
ਜਾਂਦੇ ਹਨ ਜਿਹਨਾਂ ਵਿਚੋਂ ਜਲਦੀ ਨਿੱਕਲ ਸਕਣਾ ਮੁਮਕਿਨ ਨਹੀਂ ....
ਸੋਗ ਦੇ ਕਾਲੇ ਲਿਬਾਸਾਂ
ਅਫਸੋਸ ਦੇ ਰਸਮੀ
ਸ਼ਬਦਾਂ ਵਿਚਕਾਰ
ਤੇਰੀ ਮੌਤ ਦੱਬੀ ਗਈ ....
ਆਪਣੀ ਅਰਥੀ ਉਠਾ
ਤੇ ਤੁਰ ਜਾ ....
ਦਰਸ਼ਨ
ਦਰਵੇਸ਼ ਜੀ ਸਵਾਗਤੀ ਸ਼ਬਦਾਂ ਵਿਚ ਆਪਣੇ ਵਿਚਾਰ ਰਖਦੇ ਹੋਏ ਆਖਦੇ ਨੇ , '' ਉਸ ਨੇ ਆਪਣੇ
ਸੰਵਾਦ ਨੂੰ ਆਪਣੀ ਹੀ ਭਾਸ਼ਾ ਵਿੱਚ ਅਨੁਵਾਦ ਕਰਦਿਆਂ ਲੰਬੇ ਵਰ੍ਹਿਆਂ ਦੀ ਧੂਣੀ ਸੇਕੀ ਹੈ
ਜਿਸ ਵਿਚੋਂ ਹਵਾ ਦੇ ਸ਼ੋਰ , ਕਿਲਕਾਰੀਆਂ ਦੇ ਹਾਸੇ , ਖੌਫਨਾਕ ਰਾਤਾਂ ਦੀ ਮੌਤ , ਦੀਵਾਰਾਂ
ਅੰਦਰ ਜਿਉਂਦੇ ਮਾਰੂਥਲ ਨੂੰ ਆਪਣੇ ਸ਼ਬਦਾਂ ਦਾ ਓਹਲਾ ਦਿੱਤਾ ਹੈ ....
ਤੁਫਾਨ ਦੇ ਝੰਬੇ
ਕੁਝ
ਸੋਹਲ ਪੱਤੇ
ਮੇਰੀ ਬਾਰੀ 'ਤੇ ਆ ਬੈਠੇ
ਜਿਵੇਂ ਸਾਰੇ ਜੰਗਲ ਦਾ ਦਰਦ
ਨਾਲ ਲਿਆਏ ਹੋਣ ....
ਮੈਂ ਬਾਸ ..
ਤਿੜਕੇ ਬਦਨ ...ਸੁਫਨੇ ..ਸ਼ੀਸ਼ੇ
ਵੇਖ ਰਹੀ ਹਾਂ ...
ਮੋਏ ਗੀਤਾਂ ਦਾ ਵਿਰਲਾਪ
ਸੁਣ ਰਹੀ ਹਾਂ .....
ਤਨਦੀਪ
ਜੀ ਆਪਣੀਆਂ ਕਵਿਤਾਵਾਂ ਨਾਲ ਸਾਂਝ ਪੁਆਉਂਦੇ , ਦੱਸਦੇ ਨੇ " ਮੈਂ ਨਜ਼ਮ ਨੂੰ ਕਦੋਂ ਕਦੋਂ
ਲਿਖਿਆ ਯਾਦ ਨਹੀਂ...ਨਜ਼ਮ ਮੈਨੂੰ ਹਰ ਪਲ ਲਿਖਦੀ ਰਹੀ ਹੈ...ਦਰਦ ਅਤੇ ਤਨਹਾਈ ਨੇ ਜਦੋਂ
ਵੀ ਅੱਖਾਂ ਵਿਚਲਾ ਪਾਣੀ ਸੋਖ ਕੇ...ਮੇਰਾ ਦਾਮਨ ਸਿੱਲ੍ਹਾ ਕੀਤਾ,ਨਜ਼ਮ ਮੇਰੇ
ਨਾਲ ਸੀ ...ਮੇਰੀਆਂ ਅੱਖਾਂ ਅਤੇ ਰੂਹ ਨੂੰ ਦਿਲਾਸੇ ਦਿੰਦੀ..ਮੇਰੇ ਅਣਕਹੇ ਸ਼ਬਦਾਂ ਵਿਚੋਂ
ਰੇਤ ਅਤੇ ਮੋਤੀ ਵੱਖ ਵੱਖ ਛਾਣਦੀ----ਕਿਸੇ ਡੂੰਘੀ ਖ਼ਾਮੋਸ਼ੀ ਵਿਚ ਲਹਿ
ਜਾਂਦੀ.----ਖ਼ਾਮੋਸ਼ੀ,ਮੇਰੀ ਨਜ਼ਮ ਦੇ ਹਰ ਸ਼ਬਦ ਵਿਚ ਹੈ...ਹਰਫ਼ ਦੀ ਆਪਣੀ ਇਕ ਜ਼ਿੰਦਗੀ ਅਤੇ
ਇਕ ਅਤੀਤ ਹੈ. ਰਾਤ ਦੀ ਸਾਰੰਗੀ ਜਿਉਂ ਹੀ ਦਰਦ ਭਰਿਆ ਰਾਗ ਛੇੜਦੀ ਹੈ...ਫ਼ਰੇਜ਼ਰ ਦਰਿਆ ਦੇ
ਸੀਨੇ ਵਿਚ ਸ਼ੋਰ ਮਚਦਾ ਹੈ...ਮੇਰੀ ਨਜ਼ਮ ਦੀ ਕੱਚੀ ਨੀਂਦ ਟੁੱਟਦੀ ਹੈ...ਉਹ ਉੱਠ ਬਹਿੰਦੀ
ਹੈ...ਸਾਰੀ ਰਾਤ ਜਾਗਦੀ ਹੈ ਤੇ ਮੈਨੂੰ ਅੱਖਾਂ ਬੰਦ ਨਹੀਂ
ਕਰਨ ਦਿੰਦੀ..
ਚਲੋ ...
ਲਕਵਾ ਮਾਰੇ ਸੁਫਨਿਆਂ ਨੂੰ
ਕਾਠ ਮਾਰ ਸੁੱਟੀਏ
ਕਹਿਕਹੇ ਲਗਾ ਕੇ ਹੱਸੀਏ
ਤੇ ਯਾਦ ਕਰੀਏ
ਉਹ ਪਹਿਲੀ ਸਵੇਰ
ਜਦੋਂ ਸੂਰਜ ....
ਪੱਕੀਆਂ ਕਣਕਾਂ ਨੂੰ
ਦਗ਼ਾ ਦੇ ਗਿਆ ਸੀ .....
ਏਨੀ
ਛੋਟੀ ਉਮਰੇ ਏਨੇ ਗਹਰੇ ਸ਼ਬਦਾਂ ਦੀ ਅੱਗ ਵਿੱਚ ਹੱਥ ਪਾ ਲੈਣਾ ਯਕੀਨਨ ਤਨਦੀਪ ਜੀ ਨੂੰ
ਉੱਚੀਆਂ ਉਡਾਰੀਆਂ ਤੀਕ ਲੈ ਜਾਏਗਾ...ਇਹ ਕਵਿਤਾਵਾਂ ਅਹਿਸਾਸਾਂ ਦਾ ਇਕ ਵਹਿੰਦਾ ਦਰਿਆ ਹੈ
ਜਿਸ ਵਿਚ ਜਿੰਨਾ ਡੁੱਬਦੇ ਜਾਉ ਨਿੱਘ ਆਉਂਦਾ ਜਾਏਗਾ . ਯਕੀਨਨ
ਇਹ ਪੁਸਤਕ ਪਾਠਕਾਂ ਦੇ ਦਿਲਾਂ ਨੂੰ ਕੰਬਣ ਲਈ ਮਜ਼ਬੂਰ ਕਰ ਦੇਵੇਗੀ .....ਤਨਦੀਪ ਜੀ
ਤੁਹਾਡੀ ਇਸ ਪੁਸਤਕ ਵਾਸਤੇ ਮੇਰੀਆਂ ਹਾਰਦਿਕ ਸੁੱਭ ਕਾਮਨਾਵਾਂ ਨੇ !
ਹਰਕੀਰਤ ਹੀਰ
18 ਈਸਟ ਲੇਨ , ਸੁੰਦਰਪੁਰ
ਹਾਊਸ ਨੰਬਰ -5
ਗੁਹਾਟੀ -5 (ਆਸਾਮ , ਇੰਡੀਆ )